ਸੁਖਦੇਵ ਸਿੰਘ ਕਾਹਲੋਂ ਡੀ.ਪੀ.ਆਈ (ਸੈ.ਸਿੱ) ਪੰਜਾਬ ਅਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਨੇ ਐਲਾਨੇ ਨਤੀਜੇ
ਫਾਜਿਲਕਾ (ਮੋਹਾਲੀ), 29 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਧੀਕ ਮੁੱਖ ਸਕੱਤਰ ਸਕੂਲ ਸਿੱਖਿਆ ਡਾ. ਜੀ ਵਜਰਾਲਿੰਗਮ ਦੀ ਅਗਵਾਈ ਵਿਚ ਐੱਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਫਰਵਰੀ 2017 (ਸ਼ੈਸ਼ਨ 2016-2017) ਦੀ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਰਾਜ ਪੱਧਰੀ ਲਰਨਿੰਗ ਆਉਟਕੰਮ ਇਵੈਲਯੂਏਸ਼ਨ ਸਿਸਟਮ ਰਾਹੀਂ ਕਰਵਾਏੇ ਗਏ ਮੁਲਾਂਕਣ ਦਾ ਨਤੀਜਾ ਅੱਜ ਦਫ਼ਤਰ ਐਸ.ਸੀ.ਈ.ਆਰ.ਟੀ ਮੁਹਾਲੀ ਵਿਖੇ ਸੁਖਦੇਵ ਸਿੰਘ ਕਾਹਲੋਂ ਡੀ.ਪੀ.ਆਈ (ਸੈ.ਸਿੱ) ਪੰਜਾਬ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਪੰਜਾਬ ਵੱਲੋਂ ਐਲਾਨਿਆਂ ਗਿਆ।ਉਹਨਾਂ ਵੱਲੋਂ ਇਸ ਮੌਕੇ `ਤੇ ਦੱਸਿਆ ਕਿ ਫਰਵਰੀ 2017 ਦੀ ਪੰਜਵੀਂ ਜਮਾਤ ਦੀ ਮੁਲਾਂਕਣ ਪ੍ਰਕਿਰਿਆ ਵਿਚ ਕੁੱਲ 217342 ਵਿਚੋਂ ਐਸ.ਏ-2 ਦੀ ਮੁਲਾਂਕਿਲਤ ਹੋਣ ਵਾਲ਼ੇ ਪ੍ਰੀਖਿਆਰਥੀ ਦੀ ਹਾਜਰੀ ਪ੍ਰਤੀਸ਼ਤ 98.44% ਰਹੀ।ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਹਾਜਰੀ ਪਿਛਲੇ ਸਾਲ ਨਾਲੋਂ 2.62% ਵੱਧ ਹੈ।ਇਸ ਸਾਲ ਵਿਚ ਏ ਗ੍ਰੇਡ (80% ਤੋਂ ਵੱਧ ਅੰਕ) ਲੈਣ ਵਾਲੇ ਪ੍ਰੀਖਿਆਰਥੀ 51393 (23.65%) ਰਹੇ ਜੋ ਕਿ ਪਿਛਲੇ ਸਾਲ ਨਾਲ਼ੋਂ 3.97% ਵੱਧ ਹੈ।ਇਸ ਤਰ੍ਹਾਂ ਹੀ ਬੀ ਗ੍ਰੇਡ (65% ਤੋਂ 79%ਅੰਕ) ਲੈਣ ਵਾਲੇ ਪ੍ਰੀਖਿਆਰਥੀ 85451 (39.32%) ਹਨ ਜੋ ਕਿ ਪਿਛਲੇ ਸਾਲ ਨਾਲੋਂ 4.05% ਵੱਧ ਹੈ।ਇਥੇ ਇਹ ਜ਼ਿਕਰਯੋਗ ਹੈ ਕਿ ਇਸ ਸਾਲ ਈ ਗ੍ਰੇਡ ਲੈਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ 4.15 % ਘਟੀ ਹੈ ਜੋ ਕਿ ਸੁਚੱਜੀ ਮੁਲਾਂਕਣ ਪ੍ਰਕਿਰਿਆ ਦਾ ਉਘੜਵਾਂ ਅੰਗ ਹੈ।
ਪੰਜਵੀਂ ਜਮਾਤ ਦੇ ਮੁਲਾਂਕਣ ਵਿਚ ਫਾਜ਼ਿਲਕਾ ਜ਼ਿਲ੍ਹਾ 41.84% ਪ੍ਰੀਖਿਆਰਥੀਆਂ ਨਾਲ਼ ਏ ਗ੍ਰੇਡ ਲੈ ਕੇ ਪਹਿਲੇ ਨੰਬਰ ਤੇ ਰਿਹਾ ਇਸ ਤਰ੍ਹਾਂ ਹੀ ਸ਼ਹੀਦ ਭਗਤ ਸਿੰਘ ਨਗਰ 35.06% ਪ੍ਰੀਖਿਆਰਥੀਆਂ ਤੇ ਫਿਰੋਜ਼ਪੁਰ ਜ਼ਿਲ੍ਹਾ 32.29% ਪ੍ਰੀਖਿਆਰਥੀਆਂ ਨਾਲ਼ ਏ ਗ੍ਰੇਡ ਲੈ ਕੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਰਹੇ।
ਫਰਵਰੀ 2017 ਦੀ ਅੱਠਵੀਂ ਜਮਾਤ ਦੀ ਮੁਲਾਂਕਣ ਪ੍ਰਕਿਰਿਆ ਵਿਚ ਕੁੱਲ 250386 ਵਿਚੋਂ ਐਸ ਏ-2 ਦੀ ਮੁਲਾਂਕਿਲਤ ਹੋਣ ਵਾਲ਼ੇ ਪ੍ਰੀਖਿਆਰਥੀ ਦੀ ਹਾਜਰੀ ਪ੍ਰਤੀਸ਼ਤ 98.05 ਰਹੀ।ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਹਾਜਰੀ ਪਿਛਲੇ ਸਾਲ ਨਾਲੋਂ ਦੀ 2.36% ਵੱਧ ਹੈ।ਇਸ ਸਾਲ ਵਿਚ ਏ ਗ੍ਰੇਡ (80% ਤੋਂ ਵੱਧ ਅੰਕ) ਲੈਣ ਵਾਲੇ ਪ੍ਰੀਖਿਆਰਥੀ 28465 (11.37%) ਰਹੇ ਜੋ ਕਿ ਪਿਛਲੇ ਸਾਲ ਨਾਲ਼ੋਂ 1.31% ਵੱਧ ਹੈ।ਇਸ ਤਰ੍ਹਾਂ ਹੀ ਬੀ ਗ੍ਰੇਡ (65% ਤੋਂ 79% ਅੰਕ) ਲੈਣ ਵਾਲੇ ਪ੍ਰੀਖਿਆਰਥੀ ਦੀ ਗਿਣਤੀ 89447 (34.53%) ਰਹੀ ਹੈ।ਅੱਠਵੀਂ ਜਮਾਤ ਦੇ ਮੁਲਾਂਕਣ ਵਿਚ ਪਠਾਨਕੋਟ ਜ਼ਿਲ੍ਹਾ 30.05% ਪ੍ਰੀਖਿਆਰਥੀਆਂ ਨਾਲ਼ ਏ ਗ੍ਰੇਡ ਲੈ ਕੇ ਪਹਿਲੇ ਨੰਬਰ ਤੇ ਰਿਹਾ ਇਸ ਤਰ੍ਹਾਂ ਹੀ ਹਸ਼ਿਆਰਪੁਰ 19.07% ਪ੍ਰੀਖਿਆਰਥੀਆਂ ਤੇ ਰੂਪ ਨਗਰ ਜ਼ਿਲ੍ਹਾ 17.36% ਪ੍ਰੀਖਿਆਰਥੀਆਂ ਨਾਲ਼ ਏ ਗ੍ਰੇਡ ਲੈ ਕੇ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਰਹੇ।
ਡਾਇਰੈਕਟਰ ਕਾਹਲੋਂ ਨੇ ਪਿਛਲੇ ਸਾਲ ਨਾਲੋਂ ਚੰਗੇ ਨਤੀਜੇ ਆਉਣ ਦਾ ਸਿਹਰਾ ਸੁਹਿਰਦ ਅਧਿਆਪਕਾਂ ਦੇ ਸਿਰ ਬੰਨਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਂਕਣ ਪ੍ਰਕਿਰਿਆ ਨੂੰ ਪ੍ਰੀਖਿਆ ਮਾਪਦੰਡਾਂ ਨਾਲ਼ ਜੋੜਨ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।ਉਹਨਾਂ ਨੇੇ ਕਿਹਾ ਕਿ ਇਸ ਸਾਲ ਦੇ ਨਤੀਜਿਆਂ ਦਾ ਪਿਛਲੇ ਸਾਲ ਨਾਲੋਂ ਬੇਹਤਰ ਹੋਣਾ ਇਸ ਮੁਲਾਂਕਣ ਪ੍ਰਕਿਰਿਆ ਦਾ ਹੀ ਸਿੱਟਾ ਹੈ।
ਇਸ ਮੌਕੇ ਡਾ. ਗਿੰਨੀ ਦੁੱਗਲ, ਡਾ. ਮਨਿੰਦਰ ਸਿੰਘ ਸਰਕਾਰੀਆ, ਸਿਖਿਆ ਸ਼ਾਸਤਰੀ ਵਿਜੇ ਕੁਮਾਰ ਮੋਗਾ, ਪਵਨਿੰਦਰ ਕੌਰ ਡਿਪਟੀ-ਡਾਇਰੈਕਟਰ, ਰਾਕੇਸ਼ ਕੁਮਾਰ ਮੁਲਾਂਕਣ ਅਫ਼ਸਰ, ਸੰਜੀਵ ਕਾਲੜਾ, ਕੁਮਾਰੀ ਨਵਨੀਤ ਕੌਰ, ਰਣਬੀਰ ਸਿੰਘ, ਸੁਰੇਖਾ ਠਾਕੁਰ, ਹਰਪ੍ਰੀਤ ਸਿੰਘ ਅਤੇ ਕੁਲਦੀਪ ਵਰਮਾ ਵਿਸ਼ਾ ਮਾਹਿਰ ਹਾਜਰ ਸਨ।
Punjab Post Daily Online Newspaper & Print Media