ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਹੋਰਾਂ ਨੇ ਕੀਤਾ।ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਸਰਕਾਰ ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਸਮੇਂ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਕਿਸਾਨਾਂ ਨੂੰ ਪੀ.ਏ.ਯੂ ਕਿਸਾਨ ਮੇਲਿਆਂ ਦੇ ਉਦੇਸ਼ ਉੱਪਰ ਚੱਲਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਨਵੀਆਂ ਤਕਨੀਕਾਂ ਨਾਲ ਜੁੜਨ ਲਈ ਕਿਹਾ।ਉਹਨਾਂ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਦੇ ਯੋਗਦਾਨ ਬਾਰੇ ਦੱਸਦਿਆਂ ਕਿਹਾ ਕਿ ਇਸ ਖੇਤਰ ਦੇ ਵਿਕਾਸ ਵਿੱਚ ਯੂਨੀਵਰਸਿਟੀ ਦਾ ਇਹ ਖੋਜ ਕੇਂਦਰ ਅਹਿਮ ਸਥਾਨ ਰੱਖਦਾ ਹੈ।ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਕਿਸਾਨ ਮੇਲੇ ਗਿਆਨ ਅਤੇ ਵਿਗਿਆਨ ਦੇ ਮੇਲੇ ਹੁੰਦੇ ਹਨ।ਉਹਨਾਂ ਇਸ ਇਲਾਕੇ ਦੇ ਕਿਸਾਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਜਾਣਦੇ ਹਨ ਕਿ ਇਹਨਾਂ ਮੇਲਿਆਂ ਵਿੱਚ ਦਿੱਤੀ ਜਾਂਦੀ ਖੇਤੀ ਜਾਣਕਾਰੀ ਬੇਸ਼ਕੀਮਤੀ ਹੁੰਦੀ ਹੈ ਕਿਉਂਕਿ ਇਸ ਪਿੱਛੇ ਯੂਨੀਵਰਸਿਟੀ ਦੀ ਕਰੋੜਾਂ ਰੁਪਏ ਖਰਚ ਕੇ ਕੀਤੀ ਖੋਜ ਸ਼ਾਮਿਲ ਹੁੰਦੀ ਹੈ।ਡਾ. ਗੋਸਲ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੇ ਯਤਨਾਂ ਸਦਕਾ ਯੂਨੀਵਰਸਿਟੀ ਵੱਲੋਂ ਨਰਮੇ ਦਾ ਦੋਗਲਾ ਬੀਜ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੀਟੀ ਜੀਨ ਵੀ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਇੱਕ ਦੋ ਸਾਲਾਂ ਬਾਅਦ ਇਹ ਨਵੀਂ ਕਿਸਮ ਕਿਸਾਨਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਵੇਗੀ। ਕਿਸਾਨ ਇਸ ਬੀਟੀ ਨਰਮੇ ਦਾ ਬੀਜ ਖੁਦ ਰੱਖ ਸਕੇਗਾ ਅਤੇ ਉਸ ਨੂੰ ਹਰ ਸਾਲ ਬੀਜ ਖਰੀਦਣ ਦੀ ਲੋੜ ਨਹੀਂ ਪਵੇਗੀ। ਡਾ. ਗੋਸਲ ਨੇ ਕਿਸਾਨਾਂ ਨੂੰ ਖੇਤੀ ਲਾਗਤਾਂ ਤੇ ਖਰਚਾ ਘੱਟ ਕਰਨ ਲਈ ਖਾਦਾਂ ਅਤੇ ਰਸਾਇਣਾਂ ਦੀ ਵਰਤੋਂ ਸੰਕੋਚਵੀਂ ਕਰਨ ਲਈ ਕਿਹਾ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਦਗੀ ਭਰੇ ਜੀਵਨ ਵਿੱਚ ਵਿਸ਼ਵਾਸ਼ ਕਰਨਾ ਚਾਹੀਦਾ ਹੈ। ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ, ਨਾ ਚਿੰਤਾ ਰੋਗ ਤੇ ਸਾਨੂੰ ਆਪਣੀ ਜੀਵਨ ਸ਼ੈਲੀ ਢਾਲਣੀ ਚਾਹੀਦੀ ਹੈ।
ਯੂਨੀਵਰਸਿਟੀ ਅਧਿਕਾਰੀਆਂ ਅਤੇ ਡਾ. ਗੋਸਲ ਨੇ ਖੋਜ ਕੇਂਦਰ ਵਿੱਚ ਫ਼ਸਲਾਂ ਦੇ ਪ੍ਰਦਰਸ਼ਨੀ ਪਲਾਟਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ। ਇਹ ਕਿਸਾਨ ਮੇਲਾ ‘ਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਓ, ਮੰਡੀਕਰਨ ਸੁਚੱਜਾ ਕਰੋ ਅਤੇ ਲੇਖਾ ਜੋਖਾ ਲਾਓ’ ਦੇ ਉਦੇ ਨਾਲ ਸ਼ੁਰੂ ਹੋਇਆ। ਪੀਏਯੂ ਦੇ ਨਿਰਦੇਸ਼ਕ ਖੋਜ ਡਾ.ਅਸ਼ੋਕ ਕੁਮਾਰ ਨੇ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਭਵਿੱਖ ਵਿਚਲੀਆਂ ਮਨੁੱਖੀ ਖੁਰਾਕੀ ਲੋੜਾਂ ਵਿੱਚ ਆ ਰਹੇ ਬਦਲਾਅ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਫ਼ਸਲਾਂ ਦੀਆਂ ਕਿਸਮਾਂ ਅਤੇ ਤਕਨੀਕਾਂ ਵੱਲ ਖੋਜ ਕੇਂਦਰਿਤ ਕਰ ਰਹੀ ਹੈ ਤਾਂ ਜੋ ਭੂਮੀ ਅਤੇ ਹਵਾ ਵਰਗੇ ਸਰੋਤਾਂ ਦਾ ਸੰਤੁਲਨ ਬਣਿਆ ਰਹੇ। ਉਹਨਾਂ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਵੱਖ-ਵੱਖ ਫ਼ਸਲਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੰਦਿਆਂ ਅਜੋਕੀ ਖੇਤੀ ਨੂੰ ਦਰਪੇਸ਼ ਵੰਗਾਰਾਂ ਦੀ ਗੱਲ ਵੀ ਕੀਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਗਰਮੀ, ਸਰਦੀ, ਡੋਬੇ ਅਤੇ ਸੋਕੇ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ। ਉਹਨਾਂ ਬੀਤੇ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਨਵੀਆਂ ਸਿਫ਼ਾਰਸ਼ਾਂ ਅਤੇ ਖੇਤੀ ਤਕਨੀਕਾਂ ਬਾਰੇ ਚਾਨਣਾ ਪਾਇਆ।
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਦੇ ਵਿਸ਼ਾਲ ਇਕੱਠ ਨੂੰ ਜੀ ਆਇਆਂ ਕਿਹਾ ਅਤੇ ਇਹ ਵੀ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਵੀਰ ਪੀਏਯੂ ਦੇ ਕਿਸਾਨ ਮੇਲਿਆਂ ਤੇ ਪਹੁੰਚਣ ਤੇ ਆਪਣੇ ਨਿੱਜੀ ਖੇਤੀ ਤਜਰਬਿਆਂ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਕਿਉਂਕਿ ਇਹਨਾਂ ਮੇਲਿਆਂ ਦਾ ਉਦੇਸ਼ ਹੀ ਪੀਏਯੂ ਦੀਆਂ ਖੋਜਾਂ ਬਾਰੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਜਦੋਂ ਕਿਸਾਨ ਖੇਤੀ ਪ੍ਰਦਰਸ਼ਨੀਆਂ, ਪ੍ਰਸ਼ਨ-ਉੱਤਰ ਸੈਸ਼ਨ ਵਿੱਚ ਭਾਗ ਲੈਂਦੇ ਹਨ ਤਾਂ ਸਾਡੀ ਹੌਸਲ ਅਫ਼ਜ਼ਾਈ ਹੁੰਦੀ ਹੈ ਅਤੇ ਅਸੀਂ ਆਪਣੀ ਖੋਜ ਨੂੰ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਸੇਧਤ ਕਰ ਸਕਦੇ ਹਾਂ।ਉਹਨਾਂ ਨੇ ਮੁੱਖ ਮਹਿਮਾਨ, ਕਿਸਾਨ ਵੀਰਾਂ, ਬੀਬੀਆਂ ਅਤੇ ਹੋਰ ਸ਼ਾਮਿਲ ਮਾਹਿਰ ਵਿਗਿਆਨੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਸੀਂ ਕਿਸਾਨ ਮੇਲਿਆਂ ਰਾਹੀਂ ਲਗਾਤਾਰ ਕਿਸਾਨਾਂ ਦੇ ਸੰਪਰਕ ਵਿੱਚ ਬਣੇ ਰਹਿੰਦੇ ਹਾਂ ਤਾਂ ਜੋ ਸਮੇਂ-ਸਮੇਂ ਸਿਰ ਪੰਜਾਬ ਦੀ ਕਿਰਸਾਨੀ ਨੂੰ ਨਵੀਂ ਖੇਤੀ ਖੋਜ ਅਤੇ ਤਕਨਾਲੋਜੀ ਪਹੁੰਚਦੀ ਰਹੇ। ਮੰਚ ਸੰਚਾਲਨ ਡਾ.ਜਸਵਿੰਦਰ ਸਿੰਘ ਭੱਲਾ ਅਤੇ ਡਾ. ਗੁਰਜਿੰਦਰ ਸਿੰਘ ਰੁਮਾਣਾ ਨੇ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media