ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਚੱਲਣ ਵਾਲੇ ਕੌਮੀ ਪਲਸ ਪੋਲੀਓ ਰਾਊਂਡ ’ਚ ਜ਼ਿਲ੍ਹੇ ਦੇ 0 ਤੋਂ 5 ਸਾਲ ਉਮਰ ਦੇ 154950 ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਦੀਪ੍ਰਵ ਲਾਕੜਾ ਨੇ ਪੋਲੀਓ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਆਪਣੇ ਨਜ਼ਦੀਕੀ ਪੋਲੀਓ ਬੂਥ ’ਤੇ ਦਵਾਈ ਦਿਵਾਉਣ।ਉਨ੍ਹਾਂ ਕਿਹਾ ਕਿ ਪੋਲੀਓ ਦੇ ਖਾਤਮੇ ਲਈ ਸਾਨੂੰ ਇੱਕ ਜੁੱਟ ਹੋ ਕੇ ਕੰਮ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਸਿਹਤ ਵਿਭਾਗ ਦੀ ਪੋਲੀਓ ਸਬੰਧੀ ਟੀਮ ਦਾ ਘਰ ਆਉਣ ਦਾ ਇੰਤਜ਼ਾਰ ਨਾ ਕਰਨ ਬਲਕਿ ਆਪ ਪੋਲੀਓ ਬੂਥ ’ਤੇ ਜਾ ਕੇ ਆਪਣੇ ਬੱਚੇ ਨੂੰ ਪੋਲੀਓ ਦੀ ਦਵਾਈ ਦਿਵਾ ਕੇ ਉਸ ਦਾ ਭਵਿੱਖ ਸੁਰੱਖਿਅਤ ਬਣਾਉਣ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ 694 ਬੂਥ ਬਣਾਏ ਗਏ ਹਨ।ਇਸ ਤੋਂ ਇਲਾਵਾ 32 ਟ੍ਰਾਂਜ਼ਿਟ ਟੀਮਾਂ, 28 ਮੋਬਾਇਲ ਟੀਮਾਂ ਅਤੇ 1240 ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਇਹ ਸਾਰੀਆਂ ਟੀਮਾਂ 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਬੱਚਿਆਂ ਨੂੰ ਪੋਲੀਓ ਵੈਕਸੀਨ ਦੇਣਗੀਆਂ।ਉਨ੍ਹਾਂ ਕਿਹਾ ਕਿ ਕੁੱਲ 2436 ਸਿਹਤ ਵਿਭਾਗ ਦੇ ਕਰਮਚਾਰੀ ਇਸ ਮੁਹਿੰਮ ਦਾ ਹਿੱਸਾ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਆਸ਼ਾ ਵਰਕਰ, ਏ.ਐਨ.ਐਮ ਅਤੇ ਹੋਰ ਕਰਮਚਾਰੀਆਂ ਨੂੰ ਇਸ ਸਬੰਧੀ ਸਿਖਲਾਈ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਲਡ ਸਟੋਰ, ਜਿੱਥੇ ਵੈਕਸੀਨ ਰੱਖੇ ਗਏ ਹਨ, ਦੇ ਵੀ ਪ੍ਰਬੰਧ ਮੁਕੰਮਲ ਹਨ।
ਸਿਵਲ ਸਰਜਨ ਬਠਿੰਡਾ ਡਾ. ਰਘਵੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਸਰਪੰਚਾਂ ਅਤੇ ਨੰਬਰਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਗੁਰਦੁਆਰਾ ਸਾਹਿਬ ਅਤੇ ਮੰਦਰਾਂ ’ਚ ਪੋਲੀਓ ਸਬੰਧੀ ਜੰਤਕ ਐਲਾਨ ਕਰਵਾਉਣ। ਇਸ ਬੈਠਕ ’ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਐਸ.ਡੀ.ਐਮ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ ਮੌੜ ਲਤਿਫ ਅਹਿਮਦ, ਐਸ.ਡੀ.ਐਮ ਰਾਮਪੁਰਾ ਨਰਿੰਦਰ ਧਾਲੀਵਾਲ, ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਐਨ.ਡੀ.ਆਰ.ਐਫ ਦੇ ਪ੍ਰਤੀਨਿਧੀ, ਬਠਿੰਡਾ ਕੈਂਟ ਦੇ ਪ੍ਰਤੀਨਿਧੀ, ਵੱਖ-ਵੱਖ ਸਵੈ ਸੇਵੀ ਸੰਸਥਾਵਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media