ਫ਼ਰੀਦਕੋਟ ਵਿਖੇ ਬੁਲਾਈ ਗਈ ਵੱਖ-ਵੱਖ ਸਿੱਖ ਨੌਜਵਾਨ ਜਥੇਬੰਦੀਆਂ ਦੀ ਇਕੱਤਰਤਾ ਦਾ ਫ਼ੈਸਲਾ
ਸੰਦੌੜ, 1 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸਿੱਖ ਪੰਥ ਵਿੱਚ ਪੈ ਚੁੱਕੀਆਂ ਦੁਬਿਧਾਵਾਂ ਦੇ ਸਾਰਥਿਕ ਹੱਲ ਲਈ, ਨਵੇਂ ਪੁਰਾਣੇ ਕੌਮੀ ਮਸਲਿਆਂ ਦੇ ਹੱਲ ਹਿਤ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਸਾਂਝੀ ਰਣਨੀਤੀ ਤਿਆਰ ਕਰਨ ਵਾਸਤੇ 29 ਮਾਰਚ 2017 ਨੂੰ ਗੁਰਦੁਆਰਾ ਖ਼ਾਲਸਾ ਦੀਵਾਨ, ਫ਼ਰੀਦਕੋਟ ਵਿਖੇ ਬੁਲਾਈ ਗਈ ਵੱਖ-ਵੱਖ ਸਿੱਖ ਨੌਜੁਆਨ ਜਥੇਬੰਦੀਆਂ ਦੀ ਇਕੱਤਰਤਾ ਨੇ ਸਿੱਖ ਕੌਮ ਨੂੰ ਦੁਫਾੜ ਕਰਨ ਵਾਲੇ ਮਸਲਿਆਂ ਬਾਰੇ ਬਹਿਸਬਾਜੀ ਤੇ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ। ਅਜਿਹੀ ਸਿੱਖ ਨੌਜੁਆਨਾਂ ਦੀ ਇਕੱਤਰਤਾ ਮਈ ਮਹੀਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ।

ਸਿੱਖ ਪੰਥ ਨੂੰ ਦਰਪੇਸ਼ ਵੱਖ-ਵੱਖ ਮਸਲਿਆਂ ਦੇ ਹੱਲ ਲਈ ਮੋਹਰੀ ਹੋ ਕੇ ਵਿਚਰਨ ਵਾਲੀਆਂ ਸਿੱਖ ਨੌਜਵਾਨਾਂ `ਤੇ ਅਧਾਰਿਤ ਜਥੇਬੰਦੀਆਂ ਦੀ ਫ਼ਰੀਦਕੋਟ ਵਿਖੇ ਹੋਈ ਇਕੱਤਰਤਾ, ਮੌਜੂਦਾ ਸਮੇਂ ਦੌਰਾਨ ਪੰਥਕ ਹਲਾਤਾਂ ਦੇ ਚੱਲਦਿਆਂ ਇੱਕ ਅਹਿਮ ਪੜਾਅ ਸੀ ਤੇ ਨੌਜਵਾਨਾਂ ਦਾ ਇਹ ਇੱਕ ਇਤਿਹਾਸਕ ਕਦਮ ਸੀ, ਜਿਸ ਨਾਲ ਆਸ ਬੱਝੀ ਹੈ ਕਿ ਕੌਮ ਵਾਗਡੋਰ ਹੁਣ ਜਲਦ ਹੀ ਭਵਿੱਖ `ਚ ਸੁਹਿਰਦ ਨੌਜਵਾਨਾਂ ਦੇ ਹੱਥਾਂ `ਚ ਹੋਵੇਗੀ। ਸੂਬੇ ਤੇ ਦੇਸ਼ ਅੰਦਰ ਅੱਡਰੀ ਤੇ ਨਿਆਰੀ ਕੌਮੀ ਸਿੱਖ ਪਹਿਚਾਣ ਖਾਤਰ ਦਸਤਾਰ, ਅੰਮ੍ਰਿਤ ਸੰਚਾਰ, ਗੱਤਕਾ, ਗੁਰਬਾਣੀ, ਕੀਰਤਨ ਤੇ ਸ਼ੁੱਧ ਉਚਾਰਣ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਵਾਲੀਆਂ ਅਤੇ ਸਿੱਖ ਕੌਮ ਦੇ ਨਾਲ-ਨਾਲ ਆਮ ਲੋਕਾਂ ਨੂੰ ਨਸ਼ਿਆਂ, ਪਤਿਤਪੁਣੇ ਅਤੇ ਡੇਰਾਵਾਦ ਪ੍ਰਤੀ ਜਾਗਰੂਕ ਕਰਨ ਵਾਲੀਆਂ ਜਥੇਬੰਦੀਆਂ ਦੇ ਇਸ ਸਾਂਝੇ ਉਪਰਾਲੇ ਨੂੰ ਸੰਬੋਧਨ ਕਰਨ ਹਿੱਤ ਪੁੱਜੇ ਨੌਜੁਆਨਾਂ ਵਿੱਚ ਕੌਮੀ ਮਸਲਿਆਂ ਦੇ ਹੱਲ ਪ੍ਰਤੀ ਸੰਜ਼ੀਦਗੀ ਸਾਫ਼ ਝਲਕਦੀ ਆਈ।
ਨੌਜਵਾਨ ਬੁਲਾਰਿਆਂ `ਚ ਦਰਪੇਸ਼ ਕੌਮੀ ਮਸਲਿਆਂ ਦੇ ਹੱਲ ਲਈ ਪੰਥਕ ਆਗੂਆਂ ਤੇ ਪ੍ਰਚਾਰਕਾਂ ਵੱਲੋਂ ਵਰਤੀ ਜਾ ਰਹੀ ਵਿਧੀ ਵਿਧਾਨ ਪ੍ਰਤੀ ਕਾਫ਼ੀ ਰੋਸ ਨਜਰ ਆਇਆ।ਬੁਲਾਰਿਆਂ ਨੇ ਜਿਥੇ ਬਾਰ-ਬਾਰ ਕੌਮੀ ਏਕਤਾ ਤੇ ਇੱਕਜੁੱਟਤਾ `ਤੇ ਜੋਰ ਦਿੱਤਾ, ਉਥੇ ਸਿੱਖੀ ਤੋਂ ਬਿਨਾਂ ਕਿਸੇ ਵੀ ਸੰਭਾਵੀ ਸੰਘਰਸ਼ ਦੀ ਸਫ਼ਲਤਾ ਬਾਰੇ ਆਪਣੀ ਚਿੰਤਾ ਪ੍ਰਗਟਾਈ।ਇਸ ਇਕੱਤਰਤਾ ਚ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਸਾਰੇ ਨੌਜੁਆਨਾਂ ਨੇ ਆਪਣੀਆਂ ਜਥੇਬੰਦੀਆਂ, ਧੜੇਬੰਦੀਆਂ, ਸੰਪਰਦਾਵਾਂ, ਸੰਸਥਾਂਵਾਂ ਤੋਂ ਉਪਰ ਉਠ ਕੇ ਸਿਰਫ਼ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਦਰਿਆਦਿਲੀ ਦਿਖਾਉਦੇ ਹੋਏ ਹਿੱਸਾ ਲਿਆ ਤੇ ਪ੍ਰਣ ਕੀਤਾ ਕਿ ਅਜਿਹੇ ਮਸਲਿਆਂ ‘ਤੇ ਸੋਸ਼ਲ ਸਾਈਟਾਂ ਤੇ ਬਹਿਸ ਨਾ ਕਰੀਏ ਕਿ ਜਿਸ ਨਾਲ ਸਿੱਖ ਧਰਮ ‘ਚ ਦੁਫੇੜ ਪਵੇ ਤੇ ਸਟੇਜਾਂ ਤੇ ਵਿਵਾਦ ਪੈਦਾ ਕਰਕੇ ਦੁਬਿਧਾਵਾਂ ਪਾਉਣ ਵਾਲੇ ਪ੍ਰਚਾਰਕਾਂ ਨੂੰ ਮਿਲਿਆ ਜਾਵੇ ਤੇ ਅਜਿਹੀ ਮਸਲੇ ਨਾ ਛੇੜਨ ਬਾਰੇ ਉਨ੍ਹਾਂ ਸਾਰਿਆਂ ਨੂੰ ਸਮਝਾਇਆ ਜਾਵੇ।
ਇਕੱਤਰਤਾ ਦੇ ਪ੍ਰਬੰਧਕਾਂ ਦੇ ਇੱਕ ਅਹਿਮ ਅੰਗ ਭਾਈ ਗੁਰਸੇਵਕ ਸਿੰਘ ਭਾਣਾ ਸਰਦਾਰੀਆਂ ਟਰੱਸਟ ਤੋਂ ਇਲਾਵਾ ਬੁਲਾਰਿਆਂ ਵਿੱਚ ਖ਼ਾਸ ਤੌਰ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਪਲਪ੍ਰੀਤ ਸਿੰਘ, ਭਾਈ ਹਰਪ੍ਰੀਤ ਸਿੰਘ ਮੱਖੂ, ਬੀਬੀ ਹਰਜਿੰਦਰ ਕੌਰ, ਭਾਈ ਜਸਬੀਰ ਸਿੰਘ, ਭਾਈ ਸੁਖਰਾਜ ਸਿੰਘ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਰੁਪਿੰਦਰ ਸਿੰਘ ਪੰਜ ਗਰਾਈਂ, ਭਾਈ ਲਖਵਿੰਦਰ ਸਿੰਘ ਰੋਡੇ, ਭਾਈ ਗੁਰਪਿਆਰ ਸਿੰਘ ਜਿਊਣਵਾਲਾ, ਭਾਈ ਲਵਪ੍ਰੀਤ ਸਿੰਘ, ਭਾਈ ਜਰਨੈਲ ਸਿੰਘ ਲੁਧਿਆਣਾ, ਭਾਈ ਜਸਵਿੰਦਰ ਸਿੰਘ, ਭਾਈ ਬਲਬੀਰ ਸਿੰਘ ਭੱਠਲ, ਭਾਈ ਭੁਪਿੰਦਰ ਸਿੰਘ ਬੁੱਧਸਿੰਘਵਾਲਾ ਭਤੀਜਾ ਸ਼ਹੀਦ ਭਾਈ ਗੁਰਜੰਟ ਸਿੰਘ, ਭਾਈ ਪ੍ਰਿਤਪਾਲ ਸਿੰਘ ਬਰਗਾੜੀ, ਭਾਈ ਪਰਮਜੀਤ ਸਿੰਘ ਅਕਾਲੀ, ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਪ੍ਰੀਤ ਸਿੰਘ ਦਹੇੜੂ, ਭਾਈ ਗੁੁਰਪ੍ਰੀਤ ਸਿੰਘ ਹਰੀਨੋਂ, ਭਾਈ ਮਨਿੰਦਰ ਸਿੰਘ ਚਮੇਲੀ, ਭਾਈ ਬਲਵਿੰਦਰ ਸਿੰਘ ਟਹਿਣਾ, ਭਾਈ ਬਲਜੀਤ ਸਿੰਘ ਢੁੱਡੀ, ਭਾਈ ਹਰਪ੍ਰੀਤ ਸਿੰਘ ਬੰਟੀ ਤੇ ਭਾਈ ਸੁਖਚੈਨ ਸਿੰਘ ਆਦਿ ਸ਼ਾਮਿਲ ਸਨ।
Punjab Post Daily Online Newspaper & Print Media