ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਪੁਰਾਣੀ ਕਚੈਹਰੀ ਵਿਚ ਸਥਿਤ ਅਦਾਲਤ ਵੇਹੜੇ ਵਿਚ ਬੀਤੀ ਰਾਤ ਚੋਰੀ ਕਰਨ ਆਏ ਤਿੰਨ ਚੋਰਾਂ ਨੇ ਅਦਾਲਤ ਵੇਹੜੇ ਵਿਚ ਆਪਣੀ ਡਿਉਟੀ ਕਰ ਰਹੇ ਚੌਕੀਦਾਰ ਦੇ ਨਾਲ ਮਾਰਕੁੱਟ ਕਰਕੇ ਜ਼ਖ਼ਮੀ ਕਰ ਦਿੱਤਾ।

ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਜਿੰਦਰਪਾਲ (51) ਵਾਸੀ ਮੱਖੂ ਨੇ ਦੱਸਿਆ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਅਦਾਲਤ ਵਿਚ ਸਰਕਾਰੀ ਚੌਕੀਦਾਰ ਦੇ ਰੂਪ ਵਿਚ ਕੰਮ ਕਰ ਰਿਹਾ ਹੈ ਅਤੇ ਕਈ ਵਾਰ ਉਸਦੀ ਡਿਊਟੀ ਗਵਾਹਾਂ ਨੂੰ ਆਵਾਜ਼ਾਂ ਦੇਣ ਲਈ ਵੀ ਲਗਾ ਦਿੱਤੀ ਜਾਂਦੀ ਹੈ। ਉਸਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸਥਾਨਕ ਪੁਰਾਣੀ ਕਚੈਹਰੀ ਵਿਚ ਸਥਿਤ ਅਦਾਲਤ ਵੇਹੜੇ ਵਿਚ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਰਾਤ ਲਗਭਗ 1.30 ਵਜੇ ਤਿੰਨ ਵਿਅਕਤੀ ਅਦਾਲਤ ਦੇ ਬਰਾਮਦੇ ਵਿਚ ਲੱਗੇ ਪੱਖੇ ਨੂੰ ਚੋਰੀ ਕਰਨ ਲਈ ਆਏ ਸਨ। ਜਦੋਂ ਉਸਨੇ ਉਕਤ ਚੋਰਾਂ ਦਾ ਵਿਰੋਧ ਕੀਤਾ ਤਾਂ ਉਕਤ ਤਿੰਨਾਂ ਚੋਰਾਂ ਨੇ ਉਸਦੇ ਨਾਲ ਝਗੜਾ ਅਤੇ ਮਾਰਕੁੱਟ ਕੀਤੀ। ਜਿਸ ਕਾਰਨ ਉਸਦੇ ਮੂੰਹ ਅਤੇ ਸਰੀਰ ਤੇ ਸੱਟਾਂ ਲੱਗੀਆਂ ਹਨ।
Punjab Post Daily Online Newspaper & Print Media