ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਹਰੀ ਖਾਦ ਰਾਹੀਂ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਯੋਜਨਾ ਉਲੀਕੀ ਗਈ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਢਾਂਚੇ ਦਾ ਬੀਜ ਸਬਸਿਡੀ ਤੇ ਉਪਲਬੱਧ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਆਈ. ਏ. ਐਸ. ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਕਣਕ-ਝੋਨੇ ਦੇ ਫਸਲੀ ਚੱਕਰ ਕਾਰਣ ਜਮੀਨਾਂ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪਿਆ ਹੈ ਅਤੇ ਜ਼ਮੀਨ ਵਿਚ ਕਾਰਬਨਿਕ ਮਾਦੇ ਦੀ ਮਾਤਰਾ ਵਿਚ ਘਾਟ ਆਈ ਹੈ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਹਰੀ ਖਾਦ ਦੀ ਕਾਸ਼ਤ ਨੂੰ ਉਤਸਾਹਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਯੋਜਨਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਪ੍ਰਤੀ ਏਕੜ ਢਾਂਚੇ ਦੇ 20 ਕਿਲੋ ਬੀਜ ਦੀ ਜ਼ਰੂਰਤ ਹੈ। ਢਾਂਚਾ ਬੀਜ ਤੇ ਕਿਸਾਨਾਂ ਨੂੰ 50 ਫੀਸਦੀ ਜਾਂ 400 ਰੁਪਏ ਪ੍ਰਤੀ ਏਕੜ, ਜੋ ਵੀ ਘੱਟ ਹੋਵੇ ਅਤੇ ਇਕ ਬਿਨੈਕਾਰ ਨੂੰ ਵੱਧ ਤੋ ਵੱਧ 5 ਏਕੜ ਲਈ ਸਬਸਿਡੀ ਦੇਣ ਦੀ ਤਜਵੀਜ ਹੈ । ਉਨ੍ਹਾਂ ਦੱਸਿਆ ਕਿ ਢਾਂਚਾ ਬੀਜ ਤੇ ਸਬਸਿਡੀ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰੋਫਾਰਮਾ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾ ਵਿਚੋ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਖੇਤੀਬਾੜੀ ਵਿਭਾਗ ਦੀ ਵੈਬਸਾਈਟ www.agripb.gov.in ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। ਇਸ ਪ੍ਰਫਾਰਮੇ ਵਿਚ ਕਿਸਾਨ ਅਪਣਾ ਨਾਂਅ, ਪਤਾ, ਫੋਟੋ, ਬੈਂਕ ਅਕਾਊਟ ਅਤੇ ਜਮੀਨ ਮਾਲਕੀ ਦੀ ਜਾਣਕਾਰੀ ਭਰ ਕੇ ਇਸ ਨੂੰ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿਚ 17 ਅਪ੍ਰੈਲ 2017 ਨੂੰ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਮਿਤੀ ਤੋ ਬਾਅਦ ਕੋਈ ਬਿਨੈ ਪੱਤਰ ਪ੍ਰਾਪਤ ਨਹੀ ਕੀਤਾ ਜਾਵੇਗਾ। ਜਿਹੜੇ ਬਲਾਕਾਂ ਵਿਚ ਦਰਖਾਸਤਾਂ ਦੀ ਗਿਣਤੀ ਜਿਆਦਾ ਹੋਵੇਗੀ ਉਥੇ ਡਰਾਅ ਰਾਂਹੀ ਲਾਭਪਾਤਰੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਵਾਡੀ ਤੋ ਬਾਅਦ ਢਾਂਚੇ ਦੀ ਬਿਜਾਈ ਕਰਨ ਅਤੇ ਝੋਨਾ ਲਗਾਉਣ ਤੋ ਪਹਿਲਾ ਖੇਤਾਂ ਵਿਚ ਵਾਹ ਦਿੱਤੀ ਜਾਵੇ ਤਾਂ ਜੋ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media