ਧੂਰੀ, 6 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)- ਧੂਰੀ ਸ਼ਹਿਰ ਦੇ ਲੋਕ ਇੰਨੀ ਦਿਨੀਂ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਆ ਰਹੇ ਹਨ ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਬੇਖਬਰ ਜਾਪ ਰਹੇ ਹਨ ਅਤੇ ਲੋਕਾਂ ਨੂੰ ਆਏ ਦਿਨ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।
ਜੇਕਰ ਛੋਟੇ-ਮੋਟੇ ਲੋਕ ਮਸਲਿਆਂ ਨੂੰ ਨਜ਼ਰਅੰਦਾਜ ਕਰਕੇ ਮੁੱਖ ਮਸਲਿਆਂ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੇ ਨਾਲ-ਨਾਲ ਅਵਾਰਾ ਕੁੱਤਿਆਂ ਦਾ ਮਸਲਾ, ਬੈਂਕ ਰੋਡ `ਤੇ ਆਏ ਦਿਨ ਲੱਗਣ ਵਾਲੇ ਟ੍ਰੈਫਿਕ ਜਾਮ ਦਾ ਮਸਲਾ, ਸ਼ਹਿਰ ਦੇ ਡਬਲ ਫਾਟਕਾਂ ਅਤੇ ਸਿੰਗਲ ਫਾਟਕ ਦਾ ਲੰਮਾਂ ਸਮਾਂ ਬੰਦ ਰਹਿਣ ਦਾ ਮਸਲਾ, ਸ਼ਹਿਰੋਂ ਵਿਚਕਾਰ ਲੰਘਦੇ ਰਜਵਾਹੇ ਦਾ ਮਸਲਾ, ਨਵੇਂ ਬਣੇ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੀ ਗੈਰ ਮੌਜੂਦਗੀ, ਬੱਸ ਅੱਡੇ ਦੀ ਜਗਾ੍ਹ ਤੰਗ ਹੋਣ ਦਾ ਮਸਲਾ ਅਤੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਵਰਗੇ ਕਈ ਅਜਿਹੇ ਲੋਕ ਮਸਲੇ ਹਨ, ਜਿੰਨਾਂ ਦੇ ਸਥਾਈ ਹੱਲ ਦੀ ਲੋੜ ਬਣੀ ਹੋਈ ਹੈ। ਆਓ! ਇਹਨਾਂ ਸਮੱਸਿਆਵਾਂ ਬਾਰੇ ਜਾਣੀਏ।
ਅਵਾਰਾ ਪਸ਼ੂਆਂ ਦਾ ਮਸਲਾ
ਸ਼ਹਿਰ ਦੇ ਹਰੇਕ ਕੋਨੇ ਵਿੱਚ ਲੰਮੇ ਸਮੇਂ ਤੋਂ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਅਤੇ ਇਹ ਅਵਾਰਾ ਪਸ਼ੂ ਬੇਖੌਫ ਹੋ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ ਅਤੇ ਮੁਹੱਲਿਆਂ ਵਿੱਚ ਆਮ ਘੁੰਮਦੇ ਦੇਖੇ ਜਾ ਰਹੇ ਹਨ।
ਇਸ ਸਬੰਧੀ ਭਾਵੇਂ ਲੋਕਾਂ ਕੋਲੋਂ ਬਿਜ਼ਲੀ ਦੇ ਬਿਲ ਦੇ ਨਾਲ ਗਊ ਸੈਸ ਦੇ ਨਾਂ `ਤੇ ਲੱਖਾਂ ਰੁਪਏ ਦਾ ਟੈਕਸ ਵਸੂਲਿਆ ਜਾ ਰਿਹਾ ਹੈ, ਪ੍ਰੰਤੂ ਇਹਨਾਂ ਦੀ ਸਾਂਭ ਸੰਭਾਲ ਪ੍ਰਤੀ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਉੱਕਾ ਹੀ ਦਿਲਚਸਪੀ ਨਹੀਂ ਹੈ। ਇਹਨਾਂ ਅਵਾਰਾ ਪਸ਼ੂਆਂ ਦੀ ਬਦੌਲਤ ਸ਼ਹਿਰ ਵਿੱਚ ਜਿੱਥੇ ਹੁਣ ਤੱਕ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ, ਉੱਥੇ ਹੀ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਅਵਾਰਾ ਪਸ਼ੂਆਂ ਦੀ ਆਪਸੀ ਲੜਾਈ ਵਿੱਚ ਜਾ ਚੁੱਕੀਆ ਹਨ।
ਬੈਂਕ ਰੋਡ `ਤੇ ਆਏ ਦਿਨ ਆਉਣ ਵਾਲੀ ਟ੍ਰੈਫਿਕ ਸਮੱਸਿਆ
ਸਥਾਨਕ ਬੈਂਕ ਰੋਡ `ਤੇ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ 8-9 ਬੈਂਕਾਂ ਕੋਲ ਆਪਣੀ ਕੋਈ ਨਿੱਜੀ ਪਾਰਕਿੰਗ ਨਾ ਹੋਣ ਕਾਰਨ ਆਏ ਦਿਨ ਸੈਂਕੜਿਆਂ ਦੇ ਕਰੀਬ ਸਕੂਟਰ, ਮੋਟਰਸਾਈਕਲ ਅਤੇ ਕਾਰਾਂ ਸੜਕ ਦੇ ਦੋਵੇਂ ਪਾਸੇ ਪਾਰਕ ਕਰ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੈਂਕ ਰੋਡ `ਤੇ ਬੈਂਕਾਂ ਖੁੱਲਣ ਤੋਂ ਲੈ ਕੇ ਬੈਂਕਾਂ ਬੰਦ ਹੋਣ ਤੱਕ ਅਕਸਰ ਜਾਮ ਲੱਗਾ ਰਹਿੰਦਾ ਹੈ। ਜਦੋਂਕਿ ਛੁੱਟੀ ਵਾਲੇ ਦਿਨ ਲੋਕਾਂ ਨੂੰ ਇਸ ਜਾਮ ਤੋਂ ਰਾਹਤ ਮਿਲਦੀ ਹੈ।ਇਸ ਸਬੰਧੀ ਭਾਵੇਂ ਟ੍ਰੈਫਿਕ ਪੁਲਿਸ ਵੱਲੋਂ ਖਾਨਾ ਪੂਰਤੀ ਲਈ ਕਦੀ-ਕਦਾਈ ਕੋਈ ਮੁਲਾਜ਼ਮ ਖੜਾ੍ਹ ਦਿਖਾਈ ਦਿੰਦਾ ਹੈ, ਪ੍ਰੰਤੂ ਲੋਕਾਂ ਵੱਲੋਂ ਕੀਤੀ ਬੇ-ਢੰਗੀ ਪਾਰਕਿੰਗ ਕਾਰਨ ਉਹ ਮਜਬੂਰੀਵਸ਼ ਆਪਣੀ ਡਿਊਟੀ ਦੀ ਖਾਨਾ ਪੂਰਤੀ ਕਰਕੇ ਚਲੇ ਜਾਂਦੇ ਹਨ।
ਨਵੇਂ ਬਣੇ ਤਹਿਸੀਲ ਕੰਪਲੈਕਸ ਵਿੱਚ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੀ ਗੈਰ ਮੌਜੂਦਗੀ
ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਦੀ ਨਵੀਂ ਬਿਲਡਿੰਗ ਬੇਨੜਾ ਵਿਖੇ ਬਣ ਜਾਣ ਤੋਂ ਬਾਅਦ ਵਸੀਕਾਂ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਨੂੰ ਢੁਕਵੀਂ ਜਗਾ੍ਹ ਨਾ ਮਿਲਣ ਦੇ ਰੋਸ ਵਿੱਚ ਵਸੀਕਾਂ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਨੇ ਪੁਰਾਣੀ ਤਹਿਸੀਲ ਕੰਪਲੈਕਸ ਵਿੱਚ ਹੀ ਡੇਰੇ ਲਗਾਏ ਹੋਏ ਹਨ। ਜਿਸ ਕਾਰਨ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਆਪਣੇ ਛੋਟੇ-ਮੋਟੇ ਦਫਤਰੀ ਕੰਮਾਂ ਲਈ ਵੀ ਪਹਿਲਾਂ ਪੁਰਾਣੀ ਤਹਿਸੀਲ ਵਿਖੇ ਆਉਣਾ ਪੈਂਦਾ ਹੈ ਅਤੇ ਜੇਕਰ ਨਵੀਂ ਤਹਿਸੀਲ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਕਾਗਜ਼ਾਂ ਵਿੱਚ ਕੋਈ ਤਰੁੱਟੀ ਰਹਿ ਜਾਂਦੀ ਹੈ ਤਾਂ ਉਹਨਾਂ ਨੂੰ ਮੁੜ 3-4 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੁਰਾਣੀ ਤਹਿਸੀਲ ਵਿਖੇ ਦਰੁਸਤੀ ਲਈ ਆਉਣਾ ਪੈਂਦਾ ਹੈ। ਨਾਲ ਹੀ ਪੁਰਾਣੇ ਤਹਿਸੀਲ ਕੰਪਲੈਕਸ ਦੇ ਬਾਹਰ ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੇ ਬੈਠਣ ਵਾਲੀ ਜਗਾ੍ਹ ਵੀ ਪੁਰਾਣੀ ਅਤੇ ਨੀਵੀਂ ਹੋਣ ਕਾਰਨ ਸ਼ਹਿਰ ਵਿੱਚ ਬਾਰਿਸ਼ ਦੇ ਮੌਸਮ ਦੌਰਾਨ ਪਾਣੀ ਨਾਲ ਭਰ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਵਿੱਚੋਂ ਗੁਜ਼ਰਕੇ ਆਪਣੇ ਕੰਮ-ਕਾਰ ਕਰਵਾਉਣੇ ਪੈਂਦੇ ਹਨ।
ਸਿਵਲ ਹਸਪਤਾਲ ਧੂਰੀ ਵਿਖੇ ਡਾਕਟਰਾਂ ਦੀ ਭਾਰੀ ਕਮੀ
ਸਿਵਲ ਹਸਪਤਾਲ ਧੂਰੀ ਵਿਖੇ ਡਾਕਟਰਾਂ ਦੀ ਭਾਰੀ ਕਮੀ ਹੈ ਜਿਸ ਕਾਰਨ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਕਾਰਨ ਧੂਰੀ ਨਾਲ ਜੁੜੇ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਮਜਬੂਰੀਵਸ਼ ਪ੍ਰਾਈਵੇਟ ਡਾਕਟਰਾਂ ਹੱਥੋਂ ਮਹਿੰਗਾ ਇਲਾਜ਼ ਕਰਵਾਉਣਾ ਪੈਂਦਾ ਹੈ ਜਾਂ ਸ਼ਹਿਰ ਤੋਂ ਬਾਹਰ ਦੂਰ-ਦਰਾਡੇ ਜਾ ਕੇ ਇਲਾਜ ਕਰਵਾਉਣਾ ਪੈਂਦਾ ਹੈ।
ਸ਼ਹਿਰੋਂ ਵਿਚਕਾਰ ਲੰਘਦੇ ਰਜਵਾਹੇ ਦਾ ਮਸਲਾ
ਧੂਰੀ ਸ਼ਹਿਰ ਦੇ ਵਿਚਕਾਰੋਂ ਲੰਘਦਾ ਰਜਵਾਹਾ ਵੀ ਸ਼ਹਿਰ ਨਿਵਾਸੀਆਂ ਲਈ ਮੁਸੀਬਤ ਦਾ ਸਬੱਬ ਬਣਿਆ ਰਹਿੰਦਾ ਹੈ, ਕਿਉਂਕਿ ਆਮ ਤੌਰ `ਤੇ ਇਸ ਰਜਵਾਹੇ ਨੂੰ ਲੋਕੀ ਇੱਕ ਕੂੜੇਦਾਨ ਵਜੋਂ ਇਸਤੇਮਾਲ ਕਰਕੇ ਇਸ ਵਿੱਚ ਆਏ ਦਿਨ ਕੂੜੇ ਦੇ ਭਰੇ ਲਿਫਾਫੇ ਸੁੱਟਦੇ ਰਹਿੰਦੇ ਹਨ ਜਿਸ ਕਾਰਨ ਇਸ ਰਜਵਾਹੇ ਵਿੱਚ ਗੰਦਗੀ ਫੈਲੀ ਰਹਿੰਦੀ ਹੈ ਅਤੇ ਮੱਛਰਾਂ ਦੀ ਭਰਮਾਰ ਬਣੀ ਰਹਿੰਦੀ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਰਜਵਾਹਾ ਬੰਦ ਕਰਕੇ ਇਸ ਦਾ ਕੋਈ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਹੈ, ਕਿਉਂਕਿ ਨਹਿਰੀ ਵਿਭਾਗ ਵੱਲੋਂ ਇਸ ਰਜਵਾਹੇ ਵਿੱਚ ਥੋੜੇ੍ਹ ਦਿਨ ਹੀ ਪਾਣੀ ਛੱਡਿਆ ਜਾਂਦਾ ਹੈ ਜਦੋਂਕਿ ਬਾਕੀ ਦਿਨਾਂ ਵਿੱਚ ਇੱਥੇ ਗੰਦਗੀ ਫੈਲੀ ਹੋਣ ਕਾਰਨ ਨੇੜਲੇ ਘਰਾਂ ਵਾਲਿਆਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ।
ਬੱਸ ਅੱਡੇ ਦੀ ਜਗਾ੍ਹ ਤੰਗ ਹੋਣ ਦਾ ਮਸਲਾ
ਧੂਰੀ ਦਾ ਬੱਸ ਅੱਡਾ ਬਹੁਤ ਹੀ ਪੁਰਾਣਾ ਬਣਿਆ ਹੋਇਆ ਹੈ ਜਿਸ ਦੀ ਜਗਾ੍ਹ ਕਾਫੀ ਛੋਟੀ ਹੈ ਅਤੇ ਇੱਥੋਂ ਸੰਗਰੂਰ, ਬਰਨਾਲਾ, ਲੂਧਿਆਣਾ ਵਰਗੇ ਰੂਟਾਂ ਨੂੰ ਜਾਣ ਵਾਲੀਆਂ ਬੱਸਾਂ ਬੱਸ ਅੱਡੇ ਵਿੱਚ ਜਾਣ ਦੀ ਬਜਾਏ ਬਾਈਪਾਸ ਤੋਂ ਲੰਘ ਜਾਂਦੀਆਂ ਹਨ ਅਤੇ ਸਿਰਫ ਲੋਕਲ ਬੱਸਾਂ ਹੀ ਬੱਸ ਅੱਡੇ ਵਿੱਚ ਰੁਕਦੀਆਂ ਹਨ ਅਤੇ ਮੀਂਹ ਦੇ ਮੌਸਮ ਵਿੱਚ ਤਾਂ ਇੱਥੇ ਟੋਭੇ ਵਾਲੀਆਂ ਸੱਿਥਤੀ ਬਣ ਜਾਂਦੀ ਹੈ। ਬੱਸ ਅੱਡੇ ਵਿਚਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੰਮੇ ਰੂਟਾਂ ‘ਤੇ ਜਾਣ ਵਾਲੀਆਂ ਬੱਸਾਂ ਦੇ ਬੱਸ ਅੱਡੇ ਵਿੱਚ ਨਾ ਆਉਣ ਕਾਰਨ ਉਹਨਾਂ ਦੇ ਕੰਮ-ਕਾਰ ਵੀ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ ਅਤੇ ਨਗਰ ਕੌਂਸਲ ਨੂੰ ਭਰੀ ਜਾਣ ਵਾਲੀ ਕਿਰਾਇਆ ਰਾਸ਼ੀ ਵੀ ਜੁਟਾ ਪਾਉਣੀ ਮੁਸ਼ਕਿਲ ਹੋ ਰਹੀ ਹੈ।
ਸੋ ਉਪਰੋਕਤ ਮਸਲਿਆਂ ਬਾਰੇ ਅਨੇਕਾਂ ਬੁੱਧੀਜੀਵੀ ਲੋਕਾਂ ਅਤੇ ਸਮਾਜਸੇਵੀ ਜੱਥੇਬੰਦੀਆਂ ਵਿੱਚ ਇਸ ਗੱਲ ਦੀ ਚਰਚਾ ਆਮ ਹੈ ਕਿ ਹੁਣ ਸ਼ਾਇਦ ਨਵੀਂ ਬਣੀ ਕਾਂਗਰਸ ਸਰਕਾਰ ਇਹਨਾਂ ਲੋਕ ਮਸਲਿਆਂ ਨੂੰ ਸੰਜੀਦਗੀ ਨਾਲ ਲੈ ਕੇ ਇਹਨਾਂ ਦਾ ਸਥਾਈ ਹੱਲ ਪਹਿਲ ਦੇ ਅਧਾਰ `ਤੇ ਕਰੇਗੀ।ਦੂਜੇ ਪਾਸੇ ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਵੀ ਹਲਕੇ ਦੀਆਂ ਇਹਨਾਂ ਸਮੱਸਿਆਵਾਂ ਦਾ ਜ਼ਲਦ ਹੀ ਪੁਖਤਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ।ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਹਲਕਾ ਧੂਰੀ ਕਦੋਂ ਤੱਕ ਇਹਨਾਂ ਸਮੱਸਿਆਵਾਂ ਨਾਲ ਨਜਿੱਠਦਾ ਰਹੇਗਾ ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media