ਮਾਹਿਰਾਂ ਦੀ ਕਮੇਟੀ ਗਠਿਤ ਕਰਕੇ ਰਾਇ ਲੈਣ ਦੀ ਕੀਤੀ ਅਪੀਲ
ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)-
ਅਟਾਰੀ ਸਰਹੱਦ ’ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਗਾਇਆ ਗਿਆ ਦੇਸ਼ ਦਾ ਸਭ ਤੋਂ ਵੱਡਾ ਅਤੇ ਉੱਚਾ ਰਾਸ਼ਟਰੀ ਝੰਡਾ, ਜੋ ਕਿ ਹਵਾ ਦੇ ਦਬਾਅ ਕਾਰਨ ਲਗਭਗ ਮਹੀਨੇ ਦੇ ਅਰਸੇ ਦੌਰਾਨ ਹੀ ਚਾਰ ਵਾਰ ਫਟ ਚੁੱਕਾ ਹੈ, ਬਾਬਤ ਡਿਪਟੀ ਕਮਿਸ਼ਨਰ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਸਥਿਤੀ ਤੋਂ ਜਾਣੂ ਕਰਵਾਉਂਦੇ ਹੋਏ ਲਿਖਿਆ ਹੈ ਕਿ ਉਕਤ ਰਾਸ਼ਟਰੀ ਝੰਡੇ ਨੂੰ ਮੁੜ ਚੜਾਉਣ ਤੋਂ ਪਹਿਲਾਂ ਤਕਨੀਕੀ ਮਾਹਿਰਾਂ ਦੀ ਕਮੇਟੀ ਬਣਾ ਕੇ ਰਾਇ ਲਈ ਜਾਵੇ ਤੇ ਉਸ ਅਨੁਸਾਰ ਹੀ ਝੰਡਾ ਦੁਬਾਰਾ ਲਹਿਰਾਉਣ ਦਾ ਫੈਸਲਾ ਲਿਆ ਜਾਵੇ।
ਬੀਤੇ ਦਿਨ ਲਿਖੇ ਗਏ ਪੱਤਰ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਪੰਜਾਬ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਸੁਧਾਰ ਟਰੱਸਟ ਰਾਹੀਂ ਅਟਾਰੀ ਬਾਰਡਰ ਵਿਖੇ 5 ਮਾਰਚ 2017 ਨੂੰ 105 ਮੀਟਰ ਉੱਚਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ, ਜਿਸ ਦਾ ਅਕਾਰ 120 ਤੇ 80 ਫੁੱਟ ਹੈ।ਇਹ ਰਾਸ਼ਟਰੀ ਝੰਡਾ ‘ਦਾ ਫਲੈਗ ਕੰਪਨੀ’ ਮੁੰਬਈ ਵੱਲੋਂ ਸਪਲਾਈ ਕੀਤਾ ਜਾਂਦਾ ਹੈ, ਜਿਸ ’ਤੇ ਕਰੀਬ ਇਕ ਲੱਖ ਰੁਪਏ ਦਾ ਖਰਚ ਆਉਂਦਾ ਹੈ।ਇਕ ਮਹੀਨੇ ਦੇ ਅਰਸੇ ਦੌਰਾਨ ਹੀ ਇਹ ਚਾਰ ਵਾਰ ਹਵਾ ਦੇ ਵੱਧ ਦਬਾਅ ਅਤੇ ਵੱਡੇ ਸਾਈਜ਼ ਕਾਰਨ ਫਟ ਚੁੱਕਾ ਹੈ।
ਉਨਾਂ ਦੱਸਿਆ ਕਿ ਝੰਡੇ ਦੀ ਉਚਾਈ ਤੈਅ ਕਰਨ ਸਮੇਂ ਇਸ ਝੰਡੇ ਦਾ ਪੋਲ ਸਟਰੱਕਚਰ (ਢਾਂਚਾ) ਡਿਜ਼ਾਈਨ ਆਈ.ਆਈ.ਟੀ ਮੁੰਬਈ ਵੱਲੋਂ ਵਿਸ਼ੇਸ਼ ਤਕਨੀਕੀ ਮਾਹਿਰਾਂ ਦੀ ਰੈਅ ਲਈ ਗਈ ਹੈ, ਪਰ ਇੰਨੀ ਉਚਾਈ ’ਤੇ ਲਹਿਰਾਏ ਜਾਣ ਵਾਲੇ ਰਾਸ਼ਟਰੀ ਝੰਡੇ ਦੇ ਕੱਪੜੇ ’ਤੇ ਪੈਣ ਵਾਲੇ ਦਬਾਅ ਵੱਲ ਧਿਆਨ ਨਹੀਂ ਦਿੱਤਾ ਗਿਆ।ਉਨਾਂ ਦੱਸਿਆ ਕਿ ਝੰਡੇ ਦੇ ਫਟਣ ਕਾਰਨ ਅਟਾਰੀ ਸਰਹੱਦ ’ਤੇ ਰੋਜ਼ਾਨਾ ਜਾਣ ਵਾਲੇ ਸੈਲਾਨੀਆਂ ਦੀ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ ਅਤੇ ਪ੍ਰੈਸ ਵਿਚ ਵਾਰ-ਵਾਰ ਇਹ ਮਾਮਲਾ ਆਉਣ ਕਾਰਨ ਸਰਕਾਰ ਦੀ ਸ਼ਾਖ ਨੂੰ ਵੀ ਧੱਕਾ ਲੱਗਦਾ ਹੈ।
ਉਨਾਂ ਇਸ ਬਾਬਤ ਮਾਹਿਰਾਂ ਦੀ ਕਮੇਟੀ ਗਠਿਤ ਕਰਕੇ ਤਕਨੀਕੀ ਸਲਾਹ ਲੈਣ ਮਗਰੋਂ ਹੀ ਦੁਬਾਰਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਦਲੀਲ ਦਿੰਦੇ ਹੋਏ ਗ੍ਰਹਿ ਵਿਭਾਗ ਕੋਲੋਂ ਸਲਾਹ ਮੰਗੀ ਹੈ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media