ਉਮੀਦਵਾਰ ਹੁਣ ਤੋਂ ਹੀ ਸਰੀਰਕ ਤੇ ਲਿਖਤੀ ਟੈਸਟ ਲਈ ਤਿਆਰੀ ਆਰੰਭਣ-ਡੀ.ਸੀ
ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਲੰਮੇ ਅਰਸੇ ਬਾਅਦ ਅੰਮ੍ਰਿਤਸਰ ਵਿਚ ਹਵਾਈ ਫੌਜ ਦੀ ਭਰਤੀ ਲਈ ਰੈਲੀ 5 ਮਈ ਤੋਂ 10 ਮਈ ਤੱਕ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਦੇ 10 ਜਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਨੌਜਵਾਨ ਭਰਤੀ ਹੋ ਸਕਣਗੇ। ਉਕਤ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਏਅਰਮੈਨ ਦੀ ਇਹ ਭਰਤੀ ਗੈਰ ਤਕਨੀਕੀ ਵਰਗ ਵਿਚ ਕੀਤੀ ਜਾਵੇਗੀ।
ਸੰਘਾ ਨੇ ਦੱਸਿਆ ਕਿ ਮੁੱਖ ਸਕੱਤਰ ਪੰਜਾਬ ਵੱਲੋਂ ਵੀ ਇਸ ਰੈਲੀ ਲਈ ਹਰ ਤਰਾਂ ਸਹਿਯੋਗ ਹਵਾਈ ਫੌਜ ਨੂੰ ਦੇਣ ਬਾਰੇ ਹਦਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਨੌਜਵਾਨ ਇਸ ਭਰਤੀ ਰੈਲੀ ਦਾ ਲਾਭ ਉਠਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਜੁਲਾਈ 1997 ਤੋਂ 20 ਦਸੰਬਰ 2000 ਵਿਚਾਲੇ ਜਨਮ ਲੈਣ ਵਾਲੇ ਨੌਜਵਾਨ , ਜੋ ਕਿ ਕਿਸੇ ਵੀ ਵਿਸ਼ੇ ਵਿਚ 50 ਫੀਸਦੀ ਨੰਬਰਾਂ ਨਾਲ ਬਾਰਵੀਂ ਪਾਸ ਹੋਣ ਅਤੇ ਉਨਾਂ ਦੇ ਅੰਗਰੇਜ਼ੀ ਵਿਚੋਂ 50 ਫੀਸਦੀ ਅੰਕ ਹੋਣ, ਉਹ ਰੈਲੀ ਵਿਚ ਭਾਗ ਲੈ ਸਕਦੇ ਹਨ।
ਸੰਘਾ ਨੇ ਦੱਸਿਆ ਕਿ ਹਵਾਈ ਫੌਜ ਦੇ ਏਅਰਮੈਨ ਸੈਕਸ਼ਨ ਦੇ ਕਮਾਂਡਿੰਗ ਅਧਿਕਾਰੀ ਵਿੰਗ ਕਮਾਂਡਰ ਜੀ. ਐਸ. ਅਰੋੜਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਮੀਦਵਾਰ ਦਾ ਕੱਦ 152.2 ਸੈਂਟੀਮੀਟਰ ਤੋਂ ਘੱਟ ਨਾ ਹੋਵੇ ਅਤੇ ਨਜ਼ਰ 6 ਬਾਈ 6 ਹੋਣੀ ਚਾਹੀਦੀ ਹੈ। ਹਰੇਕ ਉਮੀਦਵਾਰ ਨੂੰ ਲਿਖਤੀ ਟੈਸਟ ਤੋਂ ਪਹਿਲਾਂ ਸਰੀਰਕ ਟੈਸਟ ਪਾਸ ਕਰਨਾ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਆਪਣੇ ਖੇਡਾਂ ਵਾਲੇ ਬੂਟ ਅਤੇ ਨਿੱਕਰ ਆਦਿ ਨਾਲ ਲੈ ਕੇ ਆਉਣ। ਉਨਾਂ ਦੱਸਿਆ 1.6 ਕਿਲੋਮੀਟਰ ਦੌੜ 5 ਮਿੰਟ 40 ਸੈਕਿੰਡ ਵਿਚ ਪੂਰੀ ਕਰਨ ਵਾਲੇ ਨੌਜਵਾਨ ਹੀ ਸਰੀਰਕ ਟੈਸਟ ਵਿਚ ਸ਼ਾਮਿਲ ਹੋ ਸਕਣਗੇ, ਜਿਸ ਵਿਚ 8 ਚਿੰਨ ਅੱਪ, 20 ਪੁਸ਼ ਅਪ (ਪਲੈਂਕ), 20 ਬੈਂਟ ਨੀ ਸਿਟ ਅੱਪ ਸ਼ਾਮਿਲ ਹਨ। ਜੋ ਉਮੀਦਵਾਰ ਸਰੀਰਕ ਟੈਸਟ ਪਾਸ ਕਰ ਲੈਣਗੇ ਉਨਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ। ਐਨ. ਸੀ. ਸੀ. ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵਿਸ਼ੇਸ਼ ਤਰਜੀਹ ਵੀ ਦਿੱਤੀ ਜਾਣੀ ਹੈ।
ਸੰਘਾ ਨੇ ਦੱਸਿਆ ਕਿ ਅੰਮ੍ਰਿਤਸਰ, ਮੁਕਤਸਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਮੋਗਾ ਜਿਲ੍ਹੇ ਦੇ ਉਮੀਦਵਾਰਾਂ ਦਾ ਸਰੀਰਕ ਟੈਸਟ 5 ਮਈ ਨੂੰ ਲਿਆ ਜਾਵੇਗਾ, ਜਦਕਿ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਦੇ ਉਮੀਦਵਾਰਾਂ ਦਾ ਟੈਸਟ 7 ਮਈ ਨੂੰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਰਤੀ ਦਾ ਕੰਮ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ, ਇਸ ਲਈ ਸਾਰੇ ਉਮੀਦਵਾਰ ਸਮੇਂ ਸਿਰ ਪਹੁੰਚਣ।
ਉਨਾਂ ਹਵਾਈ ਫੌਜ ਵਿਚ ਭਰਤੀ ਹੋਣ ਵਾਲੇ ਸਾਰੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਤੋਂ ਹੀ ਇਸ ਭਰਤੀ ਲਈ ਸਰੀਰਕ ਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਆਰੰਭ ਦੇਣ, ਤਾਂ ਜੋ ਉਨਾਂ ਨੂੰ ਸਫਲਤਾ ਮਿਲ ਸਕੇ।
Punjab Post Daily Online Newspaper & Print Media