ਸਕੂਲਾਂ ’ਚ ਅਜੇ ਤੱਕ ਨਹੀਂ ਪਹੁੰਚੇ ਕਣਕ ਅਤੇ ਚਾਵਲ, ਰਾਸ਼ਨ ਉਧਾਰ ਲੈ ਕੇ ਚਲਾਇਆ ਜਾ ਰਿਹਾ ਹੈ ਕੰਮ
ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਵਿਚ ਅਧਿਆਪਕਾਂ ਦੀ ਸਿਰਮੋਰ ਜੱਥੇਬੰਦੀ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਜ਼ਿਲਾ ਫਾਜ਼ਿਲਕਾ ਇਕਾਈ ਵੱਲੋਂ ਸਮੇਂ ਸਮੇਂ ਤੇ ਅਧਿਆਪਕਾਂ ਨੂੰ ਵਿਭਾਗ ਨਾਲ ਸਬੰਧਤ ਸਮਸਿਆਵਾਂ ਸਬੰਧੀ ਆਵਾਜ਼ ਚੁੱਕੀ ਜਾਂਦੀ ਹੈ।ਇਸ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ, ਪਰਮਜੀਤ ਸਿੰਘ, ਅਮਨਦੀਪ ਸਿੰਘ, ਨਿਸ਼ਾਂਤ ਅਗਰਵਾਲ, ਰਾਜੀਵ ਚਗਤੀ, ਸੁਧੀਰ ਕਾਲੜਾ, ਰਵੇਲ ਸਿੰਘ, ਪਰਮਜੀਤ ਸਿੰਘ ਸ਼ੇਰੇਵਾਲਾ, ਧਰਮਿੰਦਰ ਗੁਪਤਾ, ਹਰਭਜਨ ਲਾਲ, ਵਿਨੈ ਕੁਮਾਰ, ਕੁਲਬੀਰ ਸਿੰਘ, ਰਵਿੰਦਰ ਸ਼ਰਮਾ, ਰਾਜ ਕੁਮਾਰ, ਕ੍ਰਿਸ਼ਨ ਕੁਮਾਰ, ਵਰਿੰਦਰ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ 2017-18 ਦੀ ਸ਼ੁਰੂਆਤ ਹੋਏ 20 ਦਿਨ ਹੋ ਚੁੱਕੇ ਹਨ ਪਰ ਵਿਭਾਗ ਦੀ ਮਿਡ ਡੇ ਮੀਲ ਸਕੀਮ ਦੀ ਸਾਲ ਦੀ ਪਹਿਲੀ ਤਿਮਾਹੀ ਦਾ ਰਾਸ਼ਨ ਹਾਲੇ ਤੱਕ ਸਕੂਲ ਵਿਚ ਨਹੀਂ ਪਹੁੰਚਿਆ ਹੈ ਅਤੇ ਲਗਭਗ ਸਾਰਿਆਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਕਣਕ ਅਤੇ ਚਾਵਲ ਦੀ ਰਸਦ ਖ਼ਤਮ ਹੋ ਚੁੱਕੀ ਹੈ ਅਤੇ ਕੁਝ ਸਕੂਲਾਂ ਦਾ ਤਾਂ ਇਹ ਹਾਲ ਹੈ ਕਿ ਉਨ੍ਹਾਂ ਦੇ ਮੁੱਖ ਅਧਿਆਪਕਾਂ ਨੂੰ ਪਿੰਡ ਅਤੇ ਸ਼ਹਿਰ ਤੋਂ ਕਣਕ ਅਤੇ ਚਾਵਲ ਉਧਾਰ ਲੈਕੇ ਜਾਂ ਨਾਲ ਦੇ ਸਕੂਲਾਂ ਤੋਂ ਉਧਾਰ ਲੈਕੇ ਮਿਡ ਡੇ ਮੀਲ ਯੋਜਨਾ ਨੂੰ ਬਮੁਸ਼ਕਲ ਅਤੇ ਪ੍ਰੇਸ਼ਾਨੀ ਨਾਲ ਚਲਾਉਣਾ ਪੈ ਰਿਹਾ ਹੈ। ਜੀਟੀਯੂ ਜ਼ਿਲ੍ਹਾ ਫਾਜ਼ਿਲਕਾ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਤੋਂ ਮੰਗ ਕੀਤੀ ਹੈ ਕਿ ਰਾਸ਼ਨ ਦੀ ਅਲਾਟਮੈਂਟ ਵਿਭਾਵ ਵੱਲੋਂ ਕੀਤੀ ਜਾ ਚੁੱਕੀ ਹੈ ਤਾਂ ਜਲਦੀ ਸਕੂਲਾਂ ਨੂੰ ਰਾਸ਼ਨ ਮੁਹੱਇਆ ਕਰਵਾਇਆ ਜਾਵੇ ਤਾਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਮਿਡ ਡੇ ਮੀਲ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
Punjab Post Daily Online Newspaper & Print Media