Saturday, March 7, 2026

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਪੁਸਤਕ ਮੇਲਾ’ 22 ਤੋਂ 30 ਅਪ੍ਰੈਲ ਤੱਕ

ਲੇਖਕ, ਬੁਲਾਰੇ, ਕਵੀਜਨ, ਕਹਾਣੀਕਾਰ ਤੇ ਰੰਗਮੰਚ ਕਲਾਕਾਰ ਕਰਨਗੇ ਸ਼ਿਰਕਤ- ਡਾ. ਮਹਿਲ ਸਿੰਘ

PPN2004201719ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)-ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲ੍ਹੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਮੇਨ ਲਾਇਬ੍ਰੇਰੀ ਦੇ ਸਾਹਮਣੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਵਿਸ਼ਾਲ ਪੰਡਾਲ ’ਚ 22 ਤੋਂ 30 ਅਪ੍ਰੈਲ ਤੱਕ ‘ਅੰਮ੍ਰਿਤਸਰ ਪੁਸਤਕ ਮੇਲਾ’ ਲਗਾਇਆ ਜਾ ਰਿਹਾ ਹੈ। ਜਿਸਦਾ ਉਦਘਾਟਨ 22 ਅਪ੍ਰੈਲ ਨੂੰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ। ਮੇਲੇ ਦੌਰਾਨ 23 ਤੋਂ 26 ਅਪ੍ਰੈਲ ਤੱਕ ਵੱਖ ਵੱਖ ਵਿਸ਼ਿਆਂ ਬਾਰੇ ਵਿਸ਼ੇਸ਼ ਸੈਮੀਨਾਰ ਵੀ ਆਯੋਜਿਤ ਕੀਤੇ ਜਾਣਗੇ।
ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 9 ਰੋਜ਼ਾ ਮੇਲੇ ’ਚ ਕੌਮੀ ਪੱਧਰ ਦੇ 60 ਦੇ ਕਰੀਬ ਪਬਲਿਸ਼ਰ ਹਿੱਸਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ ਵਿਸ਼ੇਸ਼ ਵੱਖ ਵੱਖ ਵਿਸ਼ਿਆਂ ਬਾਰੇ ਸੈਮੀਨਾਰ ਵੀ ਅਯੋਜਿਤ ਕੀਤੇ ਜਾਣਗੇ, ਜਿੰਨਾਂ ਵਿੱਚ 23 ਅਪ੍ਰੈਲ ਨੂੰ ‘ਅਜੋਕੇ ਦੌਰ ’ਚ ਪੁਸਤਕ ਨੂੰ ਚੁਣੌਤੀਆਂ’ ਵਿਸ਼ੇ ’ਤੇ ਡਾ. ਹਰਿਭਜਨ ਸਿੰਘ ਭਾਟੀਆ, ਡਾ. ਜੋਗਿੰਦਰ ਕੈਰੋਂ, ਪ੍ਰੋ: ਪਰਮਜੀਤ ਸਿੰਘ ਜੱਜ, ਡਾ. ਪਰਮਿੰਦਰ ਸਿੰਘ ਪ੍ਰਮੁੱਖ ਬੁਲਾਰੇ ਅਤੇ 24 ਅਪ੍ਰੈਲ ਨੂੰ ‘ਕਵੀ ਦਰਬਾਰ’ ’ਚ ਅਜਾਇਬ ਹੁੰਦਲ, ਡਾ. ਰਵਿੰਦਰ, ਡਾ. ਸੁਖਬੀਰ, ਡਾ. ਅੰਬਰੀਸ਼, ਗੁਰਪ੍ਰੀਤ ਮਾਨਸਾ, ਨਿਰਮਲ ਅਰਪਨ, ਦੇਵ ਦਰਦ, ਮਲਵਿੰਦਰ, ਭੁਪਿੰਦਰਜੀਤ, ਵਿਸ਼ਾਲ, ਅਰਤਿੰਦਰ ਸੰਧੂ, ਮੰਗਤ ਰਾਮ, ਜਗਤਾਰ ਗਿੱਲ, ਗੁਰਬਾਜ, ਭੁਇੰਦਰ, ਜਸਵੰਤ ਹੰਸ, ਨਿਰਮਲ ਤੇ ਸਿਮਰਤ ਗਗਨ ਕਵੀ ਆਪਣੀਆਂ ਰਚਨਾਵਾਂ, 25 ਅਪ੍ਰੈਲ ਨੂੰ ‘ਪੰਜਾਬੀ ਕਹਾਣੀ : ਸਿਰਜਣ ਪ੍ਰੀਕ੍ਰਿਆ’ ਬਾਰੇ ਜਿੰਦਰ, ਦੇਸ ਰਾਜ ਕਾਲੀ, ਮੁਖਤਾਰ ਗਿੱਲ, ਸ਼ਾਮ ਸੁੰਦਰ ਦੀਪਤੀ, ਸੁਰਿੰਦਰ ਕੈਲੀ, ਦੀਪ ਦਵਿੰਦਰ, ਸਰਘੀ, ਸਿਮਰਨ ਧਾਲੀਵਾਲ ਅਤੇ 26 ਅਪ੍ਰੈਲ ਨੂੰ ‘ਪੰਜਾਬੀ ਨਾਟਕ ਤੇ ਰੰਗਮੰਚ’ ਨਾਟਕਾਰ ਕੇਵਲ ਧਾਲੀਵਾਲ, ਹਰਦੀਪ ਗਿੱਲ, ਅਨੀਤਾ ਦੇਵਗਨ, ਜਗਦੀਸ਼ ਸਚਦੇਵਾ, ਗੁਰਿੰਦਰ ਮਕਨਾ, ਮੰਚਪ੍ਰੀਤ, ਮਨਦੀਪ ਦੀਪ ਆਦਿ ਆਪਣੇ ਵਿਚਾਰ ਸਾਂਝੇ ਕਰਨਗੇ।ਇੰਨਾਂ ਸੈਮੀਨਾਰਾਂ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਜੀਤ ਪਾਤਰ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਸਵੰਤ ਸਿੰਘ ਕੰਵਲ ਉਚੇਚੇ ਤੌਰ ’ਤੇ ਪਹੁੰਚਣਗੇ।
ਇਸ ਮੌਕੇ ਟਰੱਸਟ ਦੇ ਅਸਿਸਟੈਂਟ ਡਾਇਰੈਕਟਰ (ਪ੍ਰਦਰਸ਼ਨੀ) ਮਾਯੰਕ ਸੁਰੋਲੀਆ ਨੇ ਜਾਣਕਾਰੀ ਦਿੰਦਿਆ ਕਿ ਬੁਕ ਟਰੱਸਟ ਆਫ਼ ਇੰਡੀਆ 1957 ਤੋਂ ਮਨਿਸਟਰੀ ਆਫ਼ ਹਿਊਮਨ ਰਿਸੋਰਸ ਡਿਵੈੱਲਪਮੈਂਟ ਅਧੀਨ ਕਿਤਾਬਾਂ ਨੂੰ ਪ੍ਰਮੋਟ ਕਰਨ ਅਤੇ ਲੋਕਾਂ ’ਚ ਕਿਤਾਬਾਂ ਪੜ੍ਹਣ ਦੀ ਦਿਲਚਸਪੀ ਪੈਦਾ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਉਹ ਨਾਮਵਰ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ’ਚ ਵੱਡੇ ਪੱਧਰ ਦੀ ਪੁਸਤਕ ਪ੍ਰਦਰਸ਼ਨੀ ਆਯੋਜਿਤ ਕਰਨ ਜਾ ਰਹੇ ਹਨ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਮੇਲੇ ’ਚ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਦੇ ਸਟਾਲ ਹੋਣਗੇ। ਇਨ੍ਹਾਂ ’ਚ ਸਟੇਟ ਤੇ ਨੈਸ਼ਨਲ ਪੱਧਰ ਦੀ ਪ੍ਰਸਿੱਧੀ ਪ੍ਰਾਪਤ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਉਪਲੱਬਧ ਹੋਣਗੀਆਂ।ਡਾ. ਮਹਿਲ ਸਿੰਘ ਨੇ ਕਿਹਾ ਕਿ ਅਜਿਹਾ ਪੁਸਤਕ ਮੇਲਾ ਪਾਠਕਾਂ, ਵਿਦਿਆਰਥੀਆਂ ਤੇ ਅਧਿਆਪਕਾਂ ’ਚ ਪੁਸਤਕ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ ਹੈ।ਭਾਵੇਂ ਸੰਚਾਰ ਦੇ ਅਜੋਕੇ ਸੋਸ਼ਲ ਮੀਡੀਆ ਦੇ ਦੌਰ ’ਚ ਕਈ ਨਵੇਂ ਢੰਗ-ਤਰੀਕੇ ਨਿਕਲੇ ਹਨ, ਪਰ ਪੁਸਤਕ ਦਾ ਕੋਈ ਬਦਲ ਨਹੀਂ ਹੈ।ਬਾਕੀ ਸਭ ਸਾਧਨ ਵਕਤੀ ਤੇ ਨਾਪਾਏਦਾਰ ਹਨ। ਉਨ੍ਹਾਂ ਕਿਹਾ ਪੁਸਤਕਾਂ ਬੰਦੇ ਦੀਆਂ ਅਸਲ ਗੁਰੂ, ਪ੍ਰੇਰਣਾ-ਸ੍ਰੋਤ ਤੇ ਦੋਸਤ ਹੁੰਦੀਆਂ ਹਨ। ਜਿਵੇਂ ਕਲਾਸ-ਰੂਮ ਸਟੱਡੀ ’ਚ ਅਧਿਆਪਕ ਦਾ ਕੋਈ ਬਦਲ ਨਹੀਂ ਹੈ, ਤਿਵੇਂ ਗਿਆਨ-ਵਿਗਿਆਨ ਦੀ ਦੁਨੀਆਂ ’ਚ ਪੁਸਤਕ ਦਾ ਕੋਈ ਹੋਰ ਵਿਕਲਪ ਨਹੀਂ ਹੈ।ਇਸ ਕਿਸਮ ਦਾ ਮੇਲਾ ਕਰਵਾਉਣਾ ਖ਼ਾਲਸਾ ਕਾਲਜ ਲਈ ਇਕ ਇਤਿਹਾਸਕ ਕਾਰਜ ਹੈ। ਇਸ ਮੌਕੇ ਪ੍ਰੋ: ਦਵਿੰਦਰ ਸਿੰਘ, ਪ੍ਰੋ: ਆਤਮ ਰੰਧਾਵਾ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply