Friday, July 4, 2025
Breaking News

ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਗੁਰਦੁਆਰਾ ਕਮੇਟੀ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

PPN200616

ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਅੱਜ ਨਵੀਂ ਦਿੱਲੀ ਵਿਖੇ ਸ.ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਦਲਮੇਘ ਸਿੰਘ ਸਕੱਤਰ ਤੇ ਸਮੂਹ ਹਰਿਆਣਾ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਹਰਿਆਣਾ ‘ਚ ਵੱਖਰੀ ਗੁਰਦੁਆਰਾ ਕਮੇਟੀ ਤੇ ਸਹਿਜਧਾਰੀ ਸਿੱਖਾਂ ਦੇ ਮਾਮਲੇ ਬਾਰੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਂਦਿਆਂ ਮੰਗ ਪੱਤਰ ਸੌਂਪਿਆ। ਇੱਥੋਂ ਜਾਰੀ ਪ੍ਰੈਸ ਬਿਆਨ ‘ਚ ਸ.ਦਿਲਜੀਤ ਸਿੰਘ ‘ਬੇਦੀ’ ਨੇ ਦੱਸਿਆ ਕਿ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਤੇ ਨਾਲ ਗਏ ਵਫਦ ਨੂੰ ਸ੍ਰੀ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਨੇ ਬੜੀ ਗੰਭੀਰਤਾ ਨਾਲ ਸੁਣਿਆ ਹੈ। ਜਥੇ.ਅਵਤਾਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਹਰਿਆਣਾ ‘ਚ ਕਾਂਗਰਸ ਦੀ ਹੁੱਡਾ ਸਰਕਾਰ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਿੱਧੇ ਤੌਰ ‘ਤੇ ਦਖਲ ਅੰਦਾਜ਼ੀ ਕਰ ਰਹੀ ਹੈ ਤੇ ਅਥਾਹ ਸ਼ਹਾਦਤਾਂ ਉਪਰੰਤ ਹੋਂਦ ਵਿਚ ਆਈ ਸੰਗਤੀ ਪ੍ਰਬੰਧ ਵਾਲੀ (ਸ਼੍ਰੋਮਣੀ ਕਮੇਟੀ) ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਜਿਸਦਾ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਦਿੱਤੇ ਮੰਗ ਪੱਤਰ ਵਿਚ ਜਥੇਦਾਰ ਅਵਤਾਰ ਸਿੰਘ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਤਹਿਤ ਹੋਂਦ ਵਿਚ ਆਈ ਸੀ ਤੇ ਇਸ ਐਕਟ ਨੂੰ ਬ੍ਰਿਟਿਸ਼ ਸਰਕਾਰ ਵੱਲੋਂ 1925 ‘ਚ ਪਾਸ ਕੀਤਾ ਗਿਆ ਸੀ। ਇਸ ਐਕਟ ਤਹਿਤ ਇਹ ਸੰਸਥਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖਦੀ ਹੈ। ਇਸੇ ਤਰ੍ਹਾਂ ਸਹਿਜਧਾਰੀ ਸਿੱਖਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਵੋਟ ਪਾਏ ਜਾਣ ਬਾਰੇ ਕੀਤੇ ਗਏ ਦਾਅਵੇ ਬਾਰੇ ਵੀ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ। ਸ.ਦਿਲਜੀਤ ਸਿੰਘ ‘ਬੇਦੀ’ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਦੱਸਿਆ ਹੈ ਕਿ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਿਆ ਹੈ ਤੇ ਕਿਹਾ ਹੈ ਕਿ ਇਸ ‘ਤੇ ਕੇਂਦਰੀ ਹੋਮ ਸਕੱਤਰ ਨਜ਼ਰਸਾਨੀ ਕਰ ਰਿਹਾ ਹੈ।

 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply