ਬਠਿੰਡਾ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਵ ਸਿੱਖਿਆ ਅਭਿਆਨ ਵੱਲੋਂ 14 ਸਾਲ ਤੱਕ ਦੇ ਬੱਚਿਆਂ ਦੇ ਨਾਲ ਨਾਲ ਦਿਵਿਆਂਕ ਬੱਚਿਆਂ ਨੂੰ ਵੀ ਸਿੱਖਿਅਕ ਪਹੁੰਚ ਦੇ ਅੰਤਰਗਤ ਲਿਆਉਣ ਲਈ ਚਲਾਏ ਜਾ ਰਹੇ ਵਿਸ਼ੇਸ਼ ਪ੍ਰੋਜੈਕਟ ਤਹਿਤ ਬਠਿੰਡਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਜ਼ਿਲ੍ਹੇ ਦੇ ਤਿੰਨ ਸਿੱਖਿਅਕ ਬਲਾਕਾਂ ਬਠਿੰਡਾ, ਨਥਾਣਾ ਅਤੇ ਸੰਗਤ ਬਲਾਕਾਂ ਨਾਲ ਸਬੰਧਿਤ ਵਿਸ਼ੇਸ਼ ਲੋੜਾਂ/ ਦਿਵਿਆਂਕ ਬੱਚਿਆਂ ਵੱਖ ਵੱਖ ਤਰ੍ਹਾਂ ਦੇ ਲਾਭਦਾਇਕ ਸਹਾਇਕ ਉਪਕਰਨ ਤਕਸੀਮ ਕੀਤੇ ਗਏ, ਤਾਂ ਜੋ ਕਿਸੇ ਕੁਦਰਤੀ ਮਾਰ ਜਾਂ ਦੁਰਘਟਨਾ ਦੇ ਸ਼ਿਕਾਰ ਉਹ ਬੱਚੇ ਚੱਲ ਫਿਰ ਨਹੀਂ ਸਕਦੇ ਜਾਂ ਕਿਸੇ ਸਰੀਰਕ ਕਮੀ ਦੇ ਚਲਦਿਆਂ ਆਮ ਬੱਚਿਆਂ ਵਾਂਗ ਨਹੀਂ ਵਿਚਰ ਸਕਣ ਅਤੇ ਉਹ ਵੀ ਸਕੂਲਾਂ ਵਿੱਚ ਪਹੁੰਚ ਕੇ ਸਿੱਖਿਆ ਹਾਸਲ ਕਰ ਸਕਣ।
ਬਠਿੰਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਮਾਲ ਰੋਡ ਵਿਖੇ ਲਗਾਏ ਗਏ ਕੈਂਪ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਮੈਡਮ ਅੰਜੂ ਗੁਪਤਾ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਜੀਦਾ ਨੇ ਬੱਚਿਆਂ ਨੂੰ ਲੋੜੀਂਦੇ ਉਪਕਰਨ ਤਕਸੀਮ ਕੀਤੇ। ਇਸ ਮੌਕੇ ਦਿਵਿਆਂਕ ਬੱਚਿਆਂ ਲਈ ਵਿਸ਼ੇਸ਼ ਤਰ੍ਹਾਂ ਦੇ ਅੰਗ ਤਿਆਰ ਕਰਨ ਵਾਲੀ ਸੰਸਥਾ ਅਲਿਮਕੋ (ਕਾਨਪੁਰ) ਤੋਂ ਡਾਕਟਰਾਂ ਦੀ ਟੀਮ ਵੀ ਮੈਡਮ ਸਾਧਨਾ ਅਤੇ ਰਾਜੇੇਦਰ ਸਿੰਘ ਦੀ ਅਗਵਾਈ ਵਿੱਚ ਇੱਥੇ ਪੁੱਜੀ ਹੋਈ ਸੀ।ਜਿੰਨ੍ਹਾਂ ਵੱਲੋਂ ਪਹਿਲਾਂ ਤੋਂ ਹੀ ਜਾਂਚੇ ਗਏ ਤਿੰਨ ਬਲਾਕਾਂ ਦੇ 128 ਬੱਚਿਆਂ ਨੂੰ ਲੋੜੀਂਦੇ ਉਪਕਰਨ ਜਿਵੇਂ ਕੰਨ ਮਸ਼ੀਨਾਂ, ਕੈਲੀਪਰ, ਪਹੀਆ ਕੁਰਸੀਆਂ, ਸਾਇਕਲ, ਐੱਮ ਆਰ ਸੈੱਟ, ਸਮਾਰਟ ਕੇਨ, ਬਰੇਲ ਕਿੱਟ, ਕਰੱਚਜ਼ ਆਦਿ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ। ਇਸ ਕੈਂਪ ਦੀ ਸਮੁੱਚੀ ਦੇਖਰੇਖ ਕਰ ਰਹੇ ਦਰਸ਼ਨ ਸਿੰਘ ਜੀਦਾ ਨੇ ਦੱਸਿਆ ਕਿ ਦਿਵਿਆਂਕ ਬੱਚਿਆਂ ਅਤੇ ਉਨ੍ਹਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੀ ਹਰ ਸਹੂਲਤ ਲਈ ਕੈਂਪ ਵਿੱਚ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸਰਵ ਸਿੱਖਿਆ ਅਭਿਆਨ ਦੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਸਾਂਝੇ ਪ੍ਰੋਜੈਕਟ ਤਹਿਤ ਵਿਸ਼ੇਸ਼ ਲੋੜਾਂ ਵਾਲੇ ਹਰ ਇੱਕ ਬੱਚੇ ਨੂੰ ਸਕੂਲੀ ਪਹੁੰਚ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਉਕਤ ਅੰਗ ਮੁਹੱਈਆ ਕਰਵਾਉਣ ਦੇ ਨਾਲ ਨਾਲ ਲੋੜਵੰਦ ਬੱਚਿਆਂ ਨੂੰ ਫਿਜ਼ੀਓ ਥ੍ਰੈਪੀ ਅਤੇ ਬਰਨ ਸਰਜਰੀ ਆਦਿ ਦੀ ਸਹੂਲਤ ਵੀ ਬਿਲਕੁੱਲ ਮੁਫ਼ਤ ਮੁਹੱੱਈਆ ਕਰਵਾਈ ਜਾਂਦੀ ਹੈ।
ਇਸ ਮੌਕੇ ਪ੍ਰੈਸ ਕਮੇਟੀ ਮੈਂਬਰ ਰਾਜਿੰਦਰ ਸਿੰਘ ਰਾਜੂ, ਬਲਵੀਰ ਸਿੰਘ ਕਮਾਂਡੋ, ਆਈ ਈ ਟੀ ਆਰ ਮੈਂਬਰ ਰਵੀ ਕੁਮਾਰ, ਬਹਾਲ ਸਿੰਘ, ਪ੍ਰੇਮ ਕੁਮਾਰ, ਵਰਿੰਦਰ ਸਿੰਘ, ਗਿਤੇਸ਼ ਖੱਤਰੀ ਅਤੇ ਪ੍ਰਸ਼ੋਤਮ ਲਾਲ ਤੋਂ ਇਲਾਵਾ ਸਹਾਇਕ ਵਲੰਟੀਅਰਾਂ ਵਿੱਚ ਮੋਨਾ ਰਾਣੀ, ਸ਼ਬਨਮ ਸ਼ਰਮਾਂ, ਵੀਰਪਾਲ ਕੌਰ, ਮਨਦੀਪ ਕੌਰ, ਸ਼ਮਿੰਦਰ ਕੌਰ ਅਤੇ ਪਰਮਜੀਤ ਕੌਰ ਆਦਿ ਵੀ ਇੱਥੇ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media