Monday, November 9, 2026

ਜਿਲ੍ਹੇ ਵਿਚ ਐਨਲਾਗ ਸਿਗਨਲ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ – ਡੀ.ਸੀ

ਬਠਿੰਡਾ, 4 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੇਬਲ ਸੇਵਾਵਾਂ ਪ੍ਰਦਾਨ ਕਰ ਰਹੇ ਓਪਰੇਟਰਾਂ ਨੂੰ ਆਦੇਸ਼ ਹੋਏ ਹਨ ਕਿ ਉਹ ਐਨਲਾਗ ਸਿਗਨਲ ਪ੍ਰਸਾਰਿਤ ਕਰਨੇ ਬੰਦ ਕਰ ਦੇਣ ਅਤੇ ਡਿਜੀਟਲ ਸਿਗਨਲ ਪ੍ਰਸਾਰਿਤ ਕਰਨ।ਉਨ੍ਹਾਂ ਦੱਸਿਆ ਕਿ ਕੇਬਲ ਟੈਲੀਵਿਜ਼ਨ ਨੈਟਵਰਕ (ਰੈਗੂਲੇਸ਼ਨ) ਐਕਟ 1995 ਨੂੰ ਲਾਗੂ ਕਰਦਿਆਂ ਮੰਤਰਾਲੇ ਨੇ ਪੂਰੇ ਦੇਸ਼ ’ਚ ਚਾਰ ਪੜਾਅਵਾਂ ਤਹਿਤ ਐਨਲਾਗ ਸਿਗਨਲ ਦੇ ਪ੍ਰਸਾਰਣ ’ਤੇ ਰੋਕ ਲਗਾਈ ਹੈ। ਮੰਤਰਾਲੇ ਦੇ ਆਦੇਸ਼ਾਂ ਅਨੁਸਾਰ ਹਰ ਇਕ ਕੇਬਲ ਓਪਰੇਟਰ ਲਈ ਡਿਜੀਟਾਈਜ਼ਡ ਸਿਗਨਲ ਪ੍ਰਸਾਰਿਤ ਕਰਨਾ ਲਾਜ਼ਮੀ ਹੈ ਤਾਂ ਜੋ ਹਰ ਇਕ ਦਰਸ਼ਕ ਨੂੰ ਵਧੀਆ ਪ੍ਰਸਾਰਣ ਦੀ ਸੁਵਿਧਾ ਮਿਲ ਸਕੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਵੱਖ-ਵੱਖ ਪੜਾਅ ਦੇ ਤਹਿਤ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕੇਬਲ ਉਪਭੋਗਤਾਵਾਂ ਨੂੰ ਮਿਆਰੀ ਅਤੇ ਸਾਫ਼ ਸੁਥਰੀਆਂ ਕੇਬਲ ਨੈਟਵਰਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜੀਟਾਈਜੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਜ਼ਰੂਰੀ ਘੋਸ਼ਿਤ ਕੀਤੇ ਗਏ ਚੈਨਲ ਵੀ ਕੇਬਲ ਨੈਟਵਰਕ ਰਾਹੀਂ ਦਿਖਾਉਣੇ ਲਾਜ਼ਮੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕੇਬਲ ਰਾਹੀਂ ਇਤਰਾਜਯੋਗ ਪ੍ਰੋਗਰਾਮ ਚਲਾਉਣ ਅਤੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ’ਤੇ ਵੀ ਪੂਰਨ ਪਾਬੰਦੀ ਹੈ ਅਤੇ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੇਬਲ ਟੀ.ਵੀ ਡਿਜੀਟਾਈਜੇਸ਼ਨ ਪ੍ਰੋਗਰਾਮ ਪੜਾਅ 1 ਤਹਿਤ 31 ਅਕਤੂਬਰ 2012 ਤੱਕ ਦਿੱਲੀ, ਮੁੰਬਈ ਅਤੇ ਕੋਲਕਾਤਾ ’ਚ ਐਨਲਾਗ ਸਿਗਨਲ ਬੰਦ ਕਰਕੇ ਡਿਜੀਟਲ ਸਿਗਨਲ ਸ਼ੁਰੂ ਕੀਤੇ ਗਏ ਸਨ। ਇਸੇ ਤਰ੍ਹਾਂ ਪੜਾਅ 2 ਤਹਿਤ ਦੇਸ਼ ਦੇ 38 ਸ਼ਹਿਰਾਂ ’ਚ ਐਨਲਾਗ ਸਿਗਨਲ ਬੰਦ ਕੀਤੇ ਗਏ ਹਨ।ਪੜਾਅ 3 ਦੌਰਾਨ ਉਹ ਸਾਰੇ ਸ਼ਹਿਰੀ ਇਲਾਕੇ (ਜਿਹੜੇ ਪੜਾਅ 1 ਅਤੇ 2 ’ਚ ਕਵਰ ਨਹੀਂ ਕੀਤੇ ਗਏ ਸਨ) ’ਚ ਐਨਲਾਗ ਸਿਗਨਲ ਬੰਦ ਕੀਤੇ ਗਏ ਹਨ। ਹੁਣ ਪੜਾਅ 4 ਤਹਿਤ ਸਾਰੇ ਹੀ ਪੇਂਡੂ ਇਲਾਕਿਆਂ ’ਚ ਇਸ ਨੂੰ ਲਾਗੂ ਕਰਦੇ ਹੋਏ ਐਨਲਾਗ ਸਿਸਟਮ ਬੰਦ ਕੀਤੇ ਗਏ ਹਨ।
ਉਨ੍ਹਾਂ ਦਸਿੱਆ ਕਿ ਕੋਈ ਵੀ ਕੇਬਲ ਓਪਰੇਟਰ ਐਨਲਾਗ ਸਿਗਨਲ ਪ੍ਰਸਾਰਿਤ ਕਰਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਕੇਬਲ ਟੈਲੀਵਿਜ਼ਨ ਡਿਜੀਟਾਈਜੇਸ਼ਨ ਸਬੰਧੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਨੂੰ ਦਿੱਤੀ ਜਾ ਸਕਦੀ ਹੈ ਜਿਸ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਨ। ਜੇ ਜ਼ਿਲ੍ਹੇ ਦੇ ਕਿਸੇ ਸ਼ਹਿਰ, ਪਿੰਡ ਜਾਂ ਇਲਾਕੇ ਵਿਚ ਐਨਲਾਗ ਸਿਗਨਲ ਚੱਲਣ ਸਬੰਧੀ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਸ ਕੇਬਲ ਓਪਰੇਟਰ ਦਾ ਸਮਾਨ ਜ਼ਬਤ ਕਰਕੇ ਉਸ ਵਿਰੁੱਧ ਕੇਬਲ ਨੈਟਵਰਕ ਐਕਟ ਤਹਿਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

Check Also

ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply