ਨੇਪਾਲੀ ਵਫਦ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਿਸ਼ਵ ਸ਼ਾਂਤੀ ਦੀ ਕੀਤੀ ਅਰਦਾਸ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਅੰਤਰਰਾਸ਼ਟਰੀ ਸਮਰਸਤਾ ਮੰਚ ਤੇ ਇੰਡੋ ਨਿਪਾਲ ਸਮਰਸਤਾ ਆਰਗੇਨਾਈਜੇਸ਼ਨ ਵੱਲੋਂ ਇਸ ਸਾਲ 7 ਤੋਂ 9 ਦਸੰਬਰ ਨੂੰ ਨੇਪਾਲ ਦੀ
ਰਾਜਧਾਨੀ ਕਾਠਮਾਂਡੂ ਵਿਖੇ ਕਰਾਏ ਜਾ ‘ਸਾਰਕ ਕਲਚਰਲ ਕੋ-ਰਿਲੇਸ਼ਨਲ ਕਾਨਫਰੰਸ 2017’ ਲਈ ਸੰਸਥਾ ਦੇ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵਿਸ਼ੇਸ਼ ਸੱਦਾ ਪੱਤਰ ਦਿੱਤਾ ਗਿਆ।ਨੇਪਾਲ ਦੇ ਉਪ ਰਾਸ਼ਟਰਪਤੀ ਦੇ ਰਾਜਨੀਤਿਕ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਮਹਾਂਬੀਰ ਪ੍ਰਸ਼ਾਦ ਟੋਰਡੀ ਨੇ ਲੋਕ ਸਭਾ ਮੈਂਬਰ ਔਜਲਾ ਨੂੰ ਸੰਮੇਲਨ ‘ਚ ਆਉਣ ਦਾ ਨਿੱਘਾ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਨੇਪਾਲ ਰਾਸ਼ਟਰ ਇਸ ਕਾਨਫਰੰਸ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ।
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨੇਪਾਲ ਵੱਲੋਂ ਦਸੰਬਰ ਮਹੀਨੇ ਤਿੰਨ ਰੋਜ਼ਾ ਕਰਾਈ ਜਾ ਰਹੀ ‘ਸਾਰਕ ਕਲਚਰਲ ਕੋ-ਰਿਲੇਸ਼ਨਲ ਕਾਨਫਰੰਸ’ ਦੱਖਣੀ ਏਸੀਆ ਦੇ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਪੱਕਿਆਂ ਤੇ ਮਿੱਤਰਤਾਪੂਰਨ ਬਣਾਉਣ ‘ਚ ਸਹਾਈ ਹੋਵੇਗੀ।ਨੇਪਾਲ ਰਾਸ਼ਟਰ ਦੀ ਸਰਾਹਨਾਂ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾਂ ਹੀ ਦੱਖਣੀ ਏਸ਼ੀਆ ਸਮੇਤ ਪੂਰੀ ਦੁਨੀਆਂ ‘ਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਤਤਪਰ ਰਿਹਾ ਹੈ ਅਤੇ ਨੇਪਾਲ ਵਿਖੇ ਹੋ ਰਹੀ ਇਹ ਕਾਨਫਰੰਸ ਅਮਨ-ਸ਼ਾਂਤੀ ਨੂੰ ਪ੍ਰਫੂਲਤ ਕਰਨ ‘ਚ ਜਰੂਰ ਸਹਾਈ ਹੋਵੇਗੀ।
ਇਸ ਮੌਕੇ ਨੇਪਾਲ ਦੇ ਉਪ ਰਾਸ਼ਟਰਪਤੀ ਦੇ ਰਾਜਨੀਤਿਕ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਮਹਾਂਬੀਰ ਪ੍ਰਸ਼ਾਦ ਟੋਰਡੀ ਨੇ ਕਿਹਾ ਕਿ ਭਾਰਤ ਤੇ ਨੇਪਾਲ ਭਾਂਵੇ ਦੋ ਰਾਸ਼ਟਰ ਹਨ, ਪਰ ਦੋਵਾਂ ਦੀ ਰੂਹ ਇੱਕ ਹੈ। ਉਨ੍ਹਾਂ ਕਿਹਾ ਕਿ ਨੇਪਾਲ ਰਾਸ਼ਟਰ ਭਾਰਤ ਨੂੰ ਸੰਯੁਕਤ ਰਾਸ਼ਟਰ ‘ਚ ਵੀਟੋ ਪਾਵਰ ਦੇਣ ਅਤੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਪੱਕੇ ਮੈਂਬਰ ਵਜੋਂ ਮਾਨਤਾ ਦੇਣ ਲਈ ਆਪਣੇ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾਂ ਹੀ ਦੁਨੀਆਂ ਨੂੰ ਅਮਨ ਸ਼ਾਂਤੀ ਦਾ ਪੈਗਾਮ ਦਿੱਤਾ ਹੈ ਅਤੇ ਭਾਰਤੀ ਸੰਸਕ੍ਰਿਤੀ ਅੱਜ ਵੀ ਪੂਰੀ ਦੁਨੀਆਂ ‘ਚ ਅਮਨ-ਸ਼ਾਂਤੀ ਤੇ ਆਲਮੀ ਭਾਈਚਾਰੇ ਦੀ ਸਲਾਮਤੀ ਲਈ ਪ੍ਰੇਰਨਾ ਸਰੋਤ ਹੈ।ਇਸ ਤੋਂ ਪਹਿਲਾਂ ਸ੍ਰੀ ਟੋਰਡੀ ਨੇ ਨੇਪਾਲੀ ਵਫਦ ਨਾਲ ਸਮੁੱਚੀ ਮਨੁੱਖਤਾ ਦੇ ਸਾਂਝੇ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਾਰਕ ਕਾਨਫਰੰਸ ਦੀ ਸਫਲਤਾ ਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ। ਸ੍ਰੀ ਟੋਰਡੀ ਨੇ ਕਿਹਾ ਕਿ ਨੇਪਾਲ ਤੇ ਭਾਰਤ ਦੋਵੇਂ ਰਲ ਕੇ ਵਿਸ਼ਵ ਸ਼ਾਂਤੀ ਲਈ ਆਪਣੇ ਯਤਨ ਭਵਿੱਖ ਵਿੱਚ ਵੀ ਜਾਰੀ ਰੱਖਣਗੇ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media