ਰੁੱਖਾਂ ਦੀ ਬੇਤਿਹਾਸ਼ਾ ਕਟਾਈ ਕਾਰਨ ਵਾਤਾਵਰਨ ‘ਚ ਵੱਡੇ ਵਿਗਾੜ ਆਏ – ਐਮ.ਪੀ ਔਜਲਾ
ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ‘ਚ ਵਾਤਾਵਰਨ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ।ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਲੋਕ ਸਭਾ ਮੈਂਬਰ ਗੁਰਜੀਤ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸਕੂਲਾਂ ਦੇ ਮੁੱਖੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਵਾਤਾਵਰਨ ਦੀ ਨਿਤ ਦਿਨ ਵਿਗੜ ਰਹੀ ਹਾਲਤ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸਦੇ ਬਚਾਅ ਲਈ ਸਾਂਝੇ ਤੌਰ ‘ਤੇ ਹੰਭਲਾ ਮਾਰਨ ਦਾ ਪ੍ਰਣ ਲਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਜੋਕਾ ਮਨੁੱਖ ਕੁਦਰਤ ਤੋਂ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਕੁਦਰਤ ਦੀ ਰਾਖੀ ਪ੍ਰਤੀ ਵੀ ਅਣਜਾਣ ਤੇ ਅਵੇਸਲਾ ਹੋ ਗਿਆ ਹੈ।ਆਲਮੀ ਤਪਸ ਦਾ ਜਿਕਰ ਕਰਦਿਆਂ ਸ. ਔਜਲਾ ਨੇ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਆਲਮੀ ਤਪਸ ‘ਚ ਵਾਧਾ ਹੋਣ ਨਾਲ ਧਰਤੀ ਦੇ ਜਲਵਾਜੂ ‘ਤੇ ਇਸਦੇ ਬਹੁਤ ਮਾਰੂ ਪ੍ਰਭਾਵ ਪਏ ਹਨ, ਜਿਸ ਕਾਰਨ ਜਨਵਰਾਂ ਤੇ ਹੋਰ ਜੀਵ ਜੰਤੂਆਂ ਦੀਆਂ ਕਈ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਕਰਕੇ ਮਨੁੱਖ ਵੀ ਧਰਤੀ ‘ਤੇ ਨਹੀਂ ਰਹਿ ਸਕੇਗਾ ਅਤੇ ਜੇਕਰ ਮਨੁੱਖ ਨੇ ਅਜੇ ਵੀ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਮਨੁੱਖੀ ਨਸਲ ਹਮੇਸ਼ਾਂ ਲਈ ਖਤਮ ਹੋ ਜਾਵੇਗੀ।
ਲੋਕ ਸਭਾ ਮੈਂਬਰ ਔਜਲਾ ਨੇ ਕਿਹਾ ਕਿ ਰੁੱਖਾਂ ਦੀ ਬੇਤਿਹਾਸ਼ਾ ਕਟਾਈ ਕਾਰਨ ਵਾਤਾਵਰਨ ‘ਚ ਵੱਡੇ ਵਿਗਾੜ ਆਏ ਹਨ। ਸਾਡੇ ਮੌਸਮ ਬਦਲ ਗਏ ਹਨ ਅਤੇ ਅਣਕਿਆਸੇ ਮੌਸਮਾਂ ਨਾਲ ਹਰ ਕੋਈ ਪ੍ਰਭਾਵਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਦਿਨ ‘ਚ ਕੁੱਝ ਸਮਾਂ ਵਾਤਾਵਰਨ ਦੀ ਬੇਹਤਰੀ ਲਈ ਜਰੂਰ ਕੱਢਣਾ ਚਾਹੀਦਾ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟਿਊਬਵੈੱਲ ‘ਤੇ ਘੱਟੋ-ਘੱਟ 10 ਪੌਦੇ ਜਰੂਰ ਲਗਾਉਣ।ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਰੂਰ ਜਾਗਰੂਕ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਵਾਤਾਵਰਨ ਦੇ ਵਿਗਾੜ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮਨੁੱਖੀ ਨਸਲ ਨੂੰ ਆਪਣੀ ਹੋਂਦ ਨੂੰ ਬਚਾ ਕੇ ਰੱਖਣ ਲਈ ਕੁਦਰਤ ਨਾਲ ਛੇੜਛਾੜ ਨੂੰ ਬੰਦ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਲਗਾਤਾਰ ਹਰ ਸਾਲ ਧਰਤੀ ਦੀ ਤਪਸ ਵੱਧਦੀ ਜਾ ਰਹੀ ਹੈ ਅਤੇ ਜੇਕਰ ਅਸੀਂ ਹੁਣ ਵੀ ਕੁੱਝ ਨਾ ਕੀਤਾ ਤਾਂ ਫਿਰ ਸ਼ਾਇਦ ਬਹੁਤ ਦੇਰ ਹੋ ਜਾਵੇਗੀ।ਉਨ੍ਹਾਂ ਕਿਹਾ ਕੁਦਰਤੀ ਸਾਧਨ ਨੂੰ ਹਰ ਹੀਲੇ ਬਚਾਉਣਾ ਚਾਹੀਦਾ ਹੈ ਅਤੇ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ ਪੋਸਣ ਵੀ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਜੋਕੇ ਮਨੁੱਖ ਨੂੰ ਵਾਤਾਵਰਨ ਪ੍ਰਤੀ ਵੱਡੀ ਚਣੌਤੀਆਂ ਹਨ ਪਰ ਲੋੜ ਹੈ ਕਿ ਇਸ ਪ੍ਰਤੀ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਸੰਘਾ ਨੇ ਜ਼ਿਲ੍ਹੇ ਦੇ ਸਮੂਹ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਹਰ ਰੋਜ਼ ਸਕੂਲ ‘ਚ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁਦਰਤ ਨਾਲ ਜੋੜਿਆ ਜਾਵੇ ਅਤੇ ਕੇਵਲ ਸਲਾਹ ਦੇਣ ਦੀ ਬਜਾਏ ਖੁਦ ਉਸ ਸਲਾਹ ‘ਤੇ ਵੀ ਅਮਲ ਜਰੂਰ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਜੋ ਕਿ ਮਨੁੱਖੀ ਹੋਂਦ ਨਾਲ ਜੁੜਿਆ ਮੁੱਦਾ ਹੈ ਪ੍ਰਤੀ ਸੁਚੇਤ ਹੋਣ ਅਤੇ ਇਸ ਵਾਰ ਦੇ ਬਰਸਾਤੀ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਏ ਜਾਣ।ਇਸ ਦੌਰਾਨ ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਕੰਮ ਦੀ ਸਰਾਹਨਾ ਵੀ ਕੀਤੀ। ਇਸ ਮੌਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਵਾਤਾਵਰਨ ਦੀ ਸੰਭਾਲ ਲਈ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਿਕਾਸ ਹੀਰਾ, ਜਸਵੰਤ ਸਿੰਘ ਐਕਸੀਨ ਪ੍ਰਦੂਸ਼ਣ ਕੰਟਰੋਲ ਬੋਰਡ, ਸਲਵਿੰਦਰ ਸਿੰਘ ਸਮਰਾ ਡੀ.ਓ ਐਲੀਮੈਂਟਰੀ, ਸਮਾਜ ਸੇਵੀ ਐਮ.ਐਸ ਭੱਟੀ, ਦੀਪਕ ਬੱਬਰ ਮਿਸ਼ਨ ਅਗਾਜ਼, ਤਰਨਦੀਪ ਸਿੰਘ ਘੁੰਮਣ ਟੀਮ ਫਤਿਹ, ਅਜੇ ਕਪੂਰ ਗ੍ਰਾਮੀਣ ਸੁਸਾਇਟੀ ਤੋਂ ਇਲਾਵਾ ਵੱਡੀ ਗਿਣਤੀ ‘ਚ ਵਾਤਾਵਰਨ ਪ੍ਰੇਮੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media