ਸਿੱਖ ਰੈਫਰੰਸ ਲਾਇਬਰੇਰੀ ਦਾ ਖ਼ਜ਼ਾਨਾ, ਸੰਤ ਭਿੰਡਰਾਂਵਾਲਿਆਂ ਦੇ ਤੀਰ ਤੇ ਸ੍ਰੀ ਸਾਹਿਬ ਵਾਪਸ ਮੰਗੇ
ਚੌਂਕ ਮਹਿਤਾ, 6 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ, ਅਮਨ ਰਜਧਾਨ) – ਦਮਦਮੀ ਟਕਸਾਲ ਵੱਲੋਂ ਮਹਿਤਾ ਚੌਕ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸਮੂਹ
ਸ਼ਹੀਦਾਂ ਦੀ ਯਾਦ ’ਚ 33ਵਾਂ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਲਖਾਂ ਦੀ ਗਿਣਤੀ ’ਚ ਸੰਗਤਾਂ ਦੇ ਸੈਲਾਬ ਕਾਰਨ ਸ਼ਹੀਦੀ ਸਮਾਗਮ ਦੇ ਪ੍ਰਬੰਧ ਵੀ ਫਿੱਕੇ ਪੈ ਗਏ ਨਜ਼ਰ ਆਏ।
ਅੱਜ ਦਾ ਵਿਸ਼ਾਲ ਸ਼ਹੀਦੀ ਸਮਾਗਮ ਵੈਰਾਗਮਈ ਅਤੇ ਗਰਮਜੋਸ਼ੀ ਦਾ ਸੰਗਮ ਸੀ ਜਿੱਥੇ ਬੁਲਾਰਿਆਂ ਨੇ ਸਿੱਖ ਕੌਮ ਨੂੰ ਦਰਪੇਸ਼ ਚੁਨੌਤੀਆਂ ਅਤੇ ਪੰਥ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਪਛਾੜਣ ਲਈ ਇੱਕਜੁੱਟ ਹੋਣ ਦੀਆਂ ਸੁਰਾਂ ਤੇਜ ਕੀਤੀਆਂ।ਉੱਥੇ ਹੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਵੱਲੋਂ ਧਰਮ ਪ੍ਰਚਾਰ ਅਤੇ ਕੌਮ ਦੇ ਹਿਤਾਂ ਲਈ ਕੀਤੇ ਜਾ ਰਹੇ ਵਡਮੁੱਲੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਜੀ ਸਮੇਤ ਪੰਥਕ ਕਾਰਜ ਲਈ ਸ਼ਹੀਦ ਹੋਏ ਸਿੰਘ ਸਿੰਘਣੀਆਂ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਕੁਰਬਾਨੀ ਦੇ ਕੇ ਸੁੱਤੀ ਕੌਮ ਨੂੰ ਜਗਾਈ ਹੈ। ਉਨ੍ਹਾਂ ਆਈਆਂ ਸੰਗਤਾਂ ਮਹਾਂਪੁਰਸ਼ਾਂ ਅਤੇ ਰਾਜਸੀ ਆਗੂਆਂ ਦਾ ਧੰਨਵਾਦ ਕੀਤਾ।
ਵਿਸ਼ਾਲ ਸ਼ਹੀਦੀ ਸਮਾਗਮ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਅੱਠ ਮਤੇ ਪਾਸ ਕੀਤੇ ਗਏ। ਪਾਸ ਕੀਤੇ ਗਏ ਪਹਿਲੇ ਮਤੇ ਵਿੱਚ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਲਈ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਨੂੰ ਸ਼ਹੀਦੀ ਗੈਲਰੀ ਵਜੋਂ ਸਥਾਪਿਤ ਕਰਨ ਲਈ ਸ਼੍ਰੋਮਣੀ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਗਈ।
ਦੂਜੇ ਮਤੇ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗੁਰਮਤਿ ਰਹਿਤ ਮਰਿਆਦਾ ਅਤੇ ਪਰੰਪਰਾ ’ਤੇ ਚਟਾਨ ਵਾਂਗ ਇੱਕਜੁੱਟ ਹੋ ਕੇ ਖੜੇ ਹੋਣ ਦਾ ਪ੍ਰਣ ਲਿਆ ਗਿਆ।
ਤੀਜੇ ਮਤੇ ’ਚ ਘੱਲੂਘਾਰੇ ਦੌਰਾਨ ਜੋਧਪੁਰ ਅਤੇ ਹੋਰਨਾਂ ਜੇਲ੍ਹਾਂ ’ਚ ਕੈਦ ਰਹੇ ਸਿੱਖਾਂ ਅਤੇ ਧਰਮੀ ਫੌਜੀਆਂ ਨੂੰ ਬਣਦਾ ਇਨਸਾਫ਼ ਦੇਣ, ਸਿੱਖਾਂ ਦੀ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨ, ਸੰਘਰਸ਼ ਦੌਰਾਨ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਸਿੱਖ ਕੈਦ ਹੋਏ ਕੈਦੀ ਜੋ ਕਿ ਹੱਦ ਤੋਂ ਵਧ ਸਜਾ ਭੁਗਤ ਚੁੱਕੇ ਹਨ ਅਤੇ ਬਿਰਧ ਹੋ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ।
ਚੌਥੇ ਮਤੇ ਰਾਹੀਂ ਸੰਯੁਕਤ ਰਾਸ਼ਟਰ ਵੱਲੋਂ ਵਿਸਾਖੀ ਨੂੰ ਖ਼ਾਲਸਾ ਦਿਹਾੜੇ ਵੱਜੋ ਮਾਨਤਾ ਦੇਣ, ਅਮਰੀਕੀ ਕਾਂਗਰਸ ਵੱਲੋਂ ਖ਼ਾਲਸਾ ਪੰਥ ਦੇ ਸਾਜਣਾ ਦਿਵਸ ਵਿਸਾਖੀ ਨੂੰ ’’ਸਿੱਖ ਨੈਸ਼ਨਲ ਡੇਅ’’ ਵਜੋਂ ਮਾਨਤਾ ਦੇਣ ਅਤੇ ਅਮਰੀਕੀ ਸੂਬਾ ਇੰਡੀਆਨਾ ਵੱਲੋਂ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਕੈਨੇਡਾ ਵੱਲੋਂ ਵਿਸਾਖੀ ’ਤੇ ਸਿੱਖੀ ਚਿੰਨ੍ਹਾਂ ਵਾਲੇ ਸਿੱਕੇ ਜਾਰੀ ਕਰਨ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਕੈਨੇਡਾ ਦੇ ਸੂਬਾ ਉਂਟਾਰਿਓ ਦੀ ਸੰਸਦ ਵੱਲੋਂ ਸਿੱਖ ਨਸਲਕੁਸ਼ੀ ਬਾਰੇ ਹਾਅ ਦਾ ਨਾਅਰਾ ਮਾਰਨ ਲਈ ਧੰਨਵਾਦ ਕੀਤਾ ਗਿਆ। ਯੂ.ਕੇ ਦੀਆਂ ਚੋਣਾਂ ਸਾਕਾ ਨੀਲਾ ਤਾਰਾ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਵੀ ਸ਼ਾਮਿਲ ਕੀਤੇ ਜਾਣ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਅਤੇ ਦਸਤਾਰ ’ਤੇ ਕੋਈ ਰੋਕ ਨਾ ਹੋਣ ਦੇ ਐਲਾਨ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਸੰਗਤ ਇਟਲੀ ਵਿੱਚ ਕਿਰਪਾਨ ਪਹਿਨਣ ’ਤੇ ਲਗਾਈ ਪਾਬੰਦੀ ’ਤੇ ਮੁੜ ਵਿਚਾਰ ਕਰਨ ਲਈ ਇਟਲੀ ਸਰਕਾਰ ਨੂੰ ਅਪੀਲ ਕਰਦਿਆਂ ਕੇਂਦਰ ਸਰਕਾਰ ਤੋਂ ਉਕਤ ਮਾਮਲੇ ’ਚ ਦਖਲ ਦੇਣ ਦੀ ਮੰਗ ਰੱਖੀ ਗਈ ਹੈ।
ਪੰਜਵੇਂ ਮਤੇ ’ਚ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣ ਕਾਰਨ ਸਿੱਖ ਕੌਮ ਅੰਦਰ ਬੇਗਾਨਗੀ ਦੀ ਭਾਵਨਾ ਪੈਦਾ ਹੋਣ ਦੀ ਗਲ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਵਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਯੂ ਪੀ ਸਰਕਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁਰਾਣੇ ਸਰੂਪਾਂ ਦਾ ਸਤਿਕਾਰ ਨਾ ਕਰ ਸਕਣ ਵਾਲੇ ਕੁੱਝ ਧਾਰਮਿਕ ਡੇਰਿਆਂ ਵਿੱਚੋਂ ਪਾਵਨ ਪੁਰਾਣੇ ਸਰੂਪ ਆਦਿ ਨੂੰ ਗੁਰ ਅਸਥਾਨਾਂ ਵਿੱਚ ਸਥਾਪਿਤ ਕਰਨ, ਉੱਤਰਾਖੰਡ ਸਰਕਾਰ ਤੋਂ ਹਰਿਦੁਆਰ ਦੇ ਹਰ ਕੀ ਪੌੜੀ ਵਿਖੇ ਗੁਰਦਵਾਰਾ ਗਿਆਨ ਗੋਦੜੀ ਸਾਹਿਬ ਨੂੰ ਮੂਲ ਅਸਥਾਨ ’ਤੇ ਮੁੜ ਸਥਾਪਿਤ ਕਰਨ, ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਿਕਲੀਗਰ ਭਾਈਚਾਰੇ ਉੱਤੇ ਅਣਮਨੁੱਖੀ ਅੱਤਿਆਚਾਰ ਕਰਨ ਦੀ ਵੀ ਨਿਖੇਧੀ ਕਰਦਿਆਂ ਸਿਕਲੀਗਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਦੀ ਸਰਕਾਰ ਤੋਂ ਮੰਗ ਕੀਤੀ ਗਈ ।
ਅੱਜ ਦੇ ਵਿਸ਼ਾਲ ਇਕੱਠ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਆਏ ਅਚਾਨਕ ਤੇਜੀ ਉੱਤੇ ਗਹਿਰੀ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਬੇਅਦਬੀ ਦੇ ਮਾਮਲਿਆਂ ’ਚ ਦੋਸ਼ੀਆਂ ਨੂੰ ਤਿੰਨ ਸਾਲ ਤੋਂ ਲੈ ਕੇ ਉਮਰ ਕੈਦ ਤਕ ਦੀ ਸਖ਼ਤ ਸਜਾ ਦੇਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿਲ ’ਤੇ ਮੁੜ ਵਿਚਾਰ ਕਰ ਕੇ ਲਾਗੂ ਕਰਨ ਦੀ ਮੰਗ ਕੀਤੀ।
ਸੱਤਵੇਂ ਮਤੇ ਵਿੱਚ ਸਿੱਖ ਕੌਮ ’ਤੇ ਕੀਤੇ ਗਏ ਹਮਲੇ ਅਤੇ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਉਕਤ ਕੇਸਾਂ ਨੂੰ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਨਿਆਂ ਪ੍ਰਣਾਲੀ ਤਕ ਲੈ ਕੇ ਜਾਣ ਪ੍ਰਤੀ ਸੰਭਾਵਨਾਵਾਂ ਤਲਾਸ਼ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ।
ਅੱਠਵੇਂ ਮਤੇ ਰਾਹੀਂ ਵਿਸ਼ਾਲ ਇਕੱਠ ਨੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਈ ਗਈ ਸਿੱਖ ਰੈਫਰੰਸ ਲਾਇਬਰੇਰੀ ’ਚ ਮੌਜੂਦ ਹੱਥ ਲਿਖਤਾਂ ਦਾ ਅਨਮੋਲ ਖ਼ਜ਼ਾਨਾ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੇ ਤੀਰ ਅਤੇ ਤਿੰਨ ਫੁੱਟੀ ਵੱਡੀ ਸ੍ਰੀ ਸਾਹਿਬ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਸੀਨਾ ਬਸੀਨਾ ਚਲੀਆਂ ਆ ਰਹੀਆਂ ਗੁਰਬਾਣੀ ਦੇ ਅਰਥਾਂ ਵਾਲੀਆਂ ਕਥਾ ਦੀਆਂ ਕੈਸੇਟਾਂ ਅਤੇ ਦਮਦਮੀ ਟਕਸਾਲ ਦਾ ਹੋਰ ਸਾਹਿੱਤ ਨੂੰ ਤੁਰੰਤ ਸਿੱਖ ਕੌਮ ਅਤੇ ਦਮਦਮੀ ਟਕਸਾਲ ਨੂੰ ਵਾਪਸ ਕਰਨ ਦੀ ਮੰਗ ਕੀਤੀ।
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਸਾਬਕਾ ਪੁਲੀਸ ਮੁਖੀ ਕੇ ਪੀ ਐੱਸ ਗਿੱਲ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰਨ ਵਾਲਾ ਜਲਾਦ (ਬੁੱਚੜ) ਕਰਾਰ ਦਿਤਾ।ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹਨ ਅਤੇ ਉਹ ਕੌਮਾਂ ਸਦਾ ਜਿਊਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਹਨ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸ਼ਹੀਦੀ ਸਮਾਗਮ ਦੀ ਸਫਲਤਾ ਲਈ ਉਹਨਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੂੰ ਵਧਾਈ ਦਿੱਤੀ।ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਨੌਜਵਾਨ ਪੀੜੀ ਵੱਲੋਂ ਗੁਰੂ ਪਰੰਪਰਾ, ਬਾਣੀ ਅਤੇ ਬਾਣੇ ਨਾਲੋਂ ਟੁੱਟਣ ’ਤੇ ਗਹਿਰੀ ਚਿੰਤਾ ਜਤਾਈ।
ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸਮੇਂ ਦੀ ਹਕੂਮਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤਾਂ ਢਹਿ ਢੇਰੀ ਕਰ ਦਿੱਤਾ ਪਰ ਉਹ ਸੋਚ ਨੂੰ ਨਹੀਂ ਢਾਹ ਸਕੇ। ਉਹਨਾਂ ਕਿਹਾ ਕਿ ਜੂਨ 84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਗਿਣੀ ਮਿਥੀ ਸਾਜ਼ਿਸ਼ ਅਤੇ ਸਿਆਸਤ ਤੋਂ ਪ੍ਰੇਰਿਤ ਸੀ।ਉਹਨਾਂ ਕਿਹਾ ਕਿ ਸਿੱਖਾਂ ਨੇ ਆਜ਼ਾਦੀ ਲਈ 80% ਕੁਰਬਾਨੀਆਂ ਕੀਤੀਆਂ ਹਨ,ਪਰ ਪੰਥ ਨੂੰ ਬਣਦਾ ਹੱਕ ਅੱਜ ਤਕ ਨਹੀਂ ਦਿੱਤਾ ਗਿਆ।
ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਗਤ ਨੂੰ ਗੁਰੂ ਵੇਲੇ ਬਣਨ ਲਈ ਪ੍ਰੇਰਿਆ।
ਇਸ ਵਾਰ ਬੀਬੀ ਪ੍ਰਕਾਸ਼ ਕੌਰ ਚੱਢਾ (ਦਿੱਲੀ) ਦੀਆਂ ਗੁਰਧਾਮਾਂ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਦਿਆ ਦਮਦਮੀ ਟਕਸਾਲ ਵੱਲੋਂ ਉਹਨਾਂ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਆ ਗਿਆ, ਜਿਸ ਨੂੰ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮਨਜੀਤ ਸਿੰਘ ਜੀ ਕੇ ਨੇ ਹਾਸਲ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂਬੇਲਾਂਵਾਲੇ, ਭਾਈ ਈਸ਼ਰ ਸਿੰਘ ਸਪੁਤਰ ਸੰਤ ਜਰਨੈਲ ਸਿੰਘ, ਬਾਬਾ ਸੁਰਜੀਤ ਸਿੰਘ ਸੋਧੀ, ਭਾਈ ਅਜਾਇਬ ਸਿੰਘ ਅਭਿਆਸੀ ਤੋਂ ਇਲਾਵਾ ਵੱਡੀ ਗਿਣਤੀ `ਚ ਆਗੂ ਤੇ ਸੰਗਤਾਂ ਹਾਜਰ ਸਨ।
Punjab Post Daily Online Newspaper & Print Media