Monday, July 20, 2026

ਜੂਨ ’84 ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਅਯੋਜਿਤ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) –  ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਮੇਂ ਦੀ ਕੇਂਦਰ ਸਰਕਾਰ PPN0606201710ਦੇ ਹੁਕਮ ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀ 33ਵੀਂ ਸਲਾਨਾ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ।ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਸ਼ਹੀਦੀ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਪ੍ਰੀਤ ਕੌਰ, ਸਪੁੱਤਰੀ ਬੀਬੀ ਸਤਵੰਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ ਸਮੇਤ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ।PPN0606201711
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਜਿਥੇ ਜੂਨ 1984 ਵਿਚ ਜ਼ਾਲਮ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਇਸ ਘੱਲੂਘਾਰੇ ਨੂੰ ਅਤਿ-ਨਿੰਦਣਯੋਗ ਕਰਾਰ ਦਿੱਤਾ, ਉਥੇ ਹੀ ਉਨ੍ਹਾਂ ਨੇ ਕੌਮੀ ਇੱਕਜੁਟਤਾ ਨਾਲ ਵਰਤਮਾਨ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ 1984 ਦੇ ਘੱਲੂਘਾਰੇ ਵਿਚ ਭਾਰਤੀ ਫੌਜ ਵੱਲੋਂ ਕੀਤੇ ਗਏ ਜ਼ੁਲਮ ਵਿਰੁੱਧ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਤੇ ਜਨਰਲ ਸ਼ੁਬੇਗ ਸਿੰਘ ਸਮੇਤ ਬੇਅੰਤ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਨੂੰ ਸਿੱਖ ਕੌਮ ਹਰ ਸਾਲ ਸ਼ਹੀਦੀ ਸਮਾਗਮ ਕਰ ਕੇ ਯਾਦ ਕਰਦੀ ਹੈ। ਉਨ੍ਹਾਂ ਇਸ ਘੱਲੂਘਾਰੇ ਲਈ ਮੁਕੰਮਲ ਰੂਪ ਵਿਚ ਭਾਰਤ ਦੀ ਤਤਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਇਸ ਤੋਂ ਵੱਧ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਆਪਣੀ ਹੀ ਫੌਜ ਦੁਆਰਾ ਸਿੱਖਾਂ ਦੇ ਧਾਰਮਿਕ ਅਸਥਾਨ ਨੂੰ ਟੈਂਕਾਂ-ਤੋਪਾਂ ਤੇ ਗੋਲੇ-ਬਾਰੂਦ ਦਾ ਨਿਸ਼ਾਨਾ ਬਣਾ ਕੇ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੋਵੇ। ਉਨ੍ਹਾਂ ਇਸ ਹਮਲੇ ਨੂੰ ਸਿੱਖਾਂ ’ਤੇ ਗਿਣੀ ਮਿਥੀ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਜ਼ਾਲਮ ਸਰਕਾਰ ਨੇ ਕਤਲੋ-ਗਾਰਤ ਕਰਦਿਆਂ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਆਪਣੇ ਮੁਕੱਦਸ ਅਸਥਾਨ ’ਤੇ ਸ਼ਰਧਾ ਸਹਿਤ ਪੁੱਜੀਆਂ ਵੱਡੀ ਗਿਣਤੀ ਵਿਚ ਨਿਰਦੋਸ਼ ਸੰਗਤਾਂ ਸ਼ਾਮਲ ਸਨ। ਉਨ੍ਹਾਂ ਆਖਿਆ ਕਿ ਕਦੀ ਮੁਗਲਈ ਸਰਕਾਰਾਂ, ਕਦੀ ਅੰਗਰੇਜ਼ ਅਤੇ ਹਿੰਦੁਸਤਾਨ ਦੀ ਸਰਕਾਰ ਨੇ ਸਮੇਂ-ਸਮੇਂ ’ਤੇ ਸਿੱਖਾਂ ਨੂੰ ਦਬਾਉਣ ਦਾ ਯਤਨ ਕੀਤਾ ਪਰ ਗੁਰੂ ਸਾਹਿਬਾਨ ਦੇ ਮਿਸ਼ਨ ਅਨੁਸਾਰ ਸਿੱਖਾਂ ਨੇ ਹਮੇਸ਼ਾਂ ਹੀ ਜ਼ਾਬਰੀ ਤਾਕਤਾਂ ਦਾ ਮੁਕਾਬਲਾ ਸਿਦਕ, ਸਿਰੜ ਤੇ ਚੜ੍ਹਦੀ ਕਲਾ ਨਾਲ ਕੀਤਾ। ਇਤਿਹਾਸ ਗਵਾਹ ਹੈ ਕਿ ਜ਼ਾਬਰੀ ਤਾਕਤਾਂ ਚੜ੍ਹਦੀ ਕਲਾ ਵਾਲੀ ਸੋਚ ਨੂੰ ਦਬਾਉਣ ਲਈ ਯਤਨਸ਼ੀਲ ਰਹੀਆਂ ਪਰ ਉਨ੍ਹਾਂ ਨੂੰ ਸਦਾ ਨਾਕਾਮਯਾਬੀ ਹਾਸਲ ਹੋਈ ਅਤੇ ਕੌਮ ਹੋਰ ਬੁਲੰਦੀ ਨਾਲ ਉਭਰੀ। ਉਨ੍ਹਾਂ ਸਮੁੁੱਚੇ ਸਿੱਖ ਜਗਤ ਨੂੰ ਪੰਥਕ ਮਸਲਿਆਂ ਤੇ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਇਕਜੁੱਟ ਹੋ ਕੇ ਯਤਨ ਕਰਨ ਲਈ ਕਿਹਾ।
ਸਮਾਗਮ ਦੌਰਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਦੀ ਸੁਪਤਨੀ ਬੀਬੀ ਹਰਪ੍ਰੀਤ ਕੌਰ ਤੇ ਭਰਾਤਾ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਿਰੋਪਾਓ ਦਿੱਤੇ ਗਏ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਬੰਡਾਲਾ, ਅਲਵਿੰਦਰਪਾਲ ਸਿੰਘ ਪੱਖੋਕੇ, ਅਕਾਲੀ ਆਗੂ ਸ. ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਪੂਰਨ ਸਿੰਘ ਤੇ ਭਾਈ ਜਸਬੀਰ ਸਿੰਘ ਖਾਲਸਾ, ਰਾਗੀ ਭਾਈ ਗੁਰਮੇਜ ਸਿੰਘ, ਸਿਮਰਨਜੀਤ ਸਿੰਘ ਮਾਨ, ਭਾਈ ਈਮਾਨ ਸਿੰਘ ਮਾਨ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਭਾਈ ਜਸਬੀਰ ਸਿੰਘ, ਭਾਈ ਪਰਮਜੀਤ ਸਿੰਘ ਖਾਲਸਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ ਸੰਗਤਾਂ ਦਾ ਧੰਨਵਾਦ
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਏ ਗਏ ਸਾਲਾਨਾ ਸ਼ਹੀਦੀ ਸਮਾਗਮ ਵਿਚ ਇੱਕਜੁਟ ਹੋ ਕੇ ਸਹਿਯੋਗ ਕਰਨ ਲਈ ਪੁੱਜੀਆਂ ਸਮੂਹ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤਿ ਭਾਵੁਕ ਤੇ ਸੰਜੀਦਾ ਦਿਹਾੜਾ ਹੈ ਜੋ ਸਮੁੱਚੀ ਕੌਮ ਲਈ ਕਦੇ ਨਾ-ਭੁੱਲਣਯੋਗ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਨ੍ਹਾਂ ਵੀ ਸਿੱਖ ਆਗੂਆਂ ਨੂੰ ਸਹਿਯੋਗ ਕਰਨ ਤੇ ਇੱਕਜੁਟ ਹੋਣ ਲਈ ਅਪੀਲ ਕੀਤੀ ਸੀ ਉਨ੍ਹਾਂ ਸਾਰਿਆਂ ਨੇ ਪੂਰਨ ਸਹਿਯੋਗ ਕੀਤਾ ਹੈ ਜੋ ਕੌਮ ਲਈ ਚੰਗਾ ਸੁਨੇਹਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮੀ ਇੱਕਜੁਟਤਾ ਲਈ ਹਮੇਸ਼ਾ ਯਤਨਸ਼ੀਲ ਰਹੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply