ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ
ਆਖਿਆ ਹੈ ਕਿ ਜੋ ਸਿੱਖ ਵਿਰੋਧੀ ਤਾਕਤਾਂ ਦਿਨ-ਬ-ਦਿਨ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ, ਉਨਾਂ ਨੂੰ ਸਿੱਖ ਪੰਥ ਸਹਿਣ ਨਹੀਂ ਕਰ ਸਕਦਾ।ਇਹ ਸਭ ਸਾਡੀ ਆਪਸੀ ਫੁੱਟ ਦਾ ਸਿੱਟਾ ਹੈ।ਅੱਜ ਲੋੜ ਹੈ ਕਿ ਅਜਿਹੀਆਂ ਤਾਕਤਾਂ ਜੋ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਹਨ, ਉਨ੍ਹਾਂ ਦਾ ਮੁਕਾਬਲਾ ਕਰਨ ਲਈ ਸਭ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਕੱਠੇ ਹੋਈਏ।
ਉਨਾਂ ਕਿਹਾ ਕਿ ਬੀਤੇ ਕੱਲ ਜੋ ਅੰਮ੍ਰਿਤਸਰ ਬੇਰੀ ਗੇਟ ਘਟਨਾ ਵਾਪਰੀ ਹੈ ਜਿਸ ਵਿਚ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਬਣਾ ਕੇ ਸਾੜਿਆ ਗਿਆ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ।ਪੁਤਲਾ ਸਾੜਨ ਵਾਲਿਆਂ ਨੂੰ ਭੁੱਲ ਗਿਆ ਹੈ ਕਿ ਸਿੱਖਾਂ ਨੇ ਕਿਵੇਂ ਗਜ਼ਨੀ ਦੇ ਬਜਾਰਾਂ ਵਿਚ ਟਕੇ-ਟਕੇ ਵਿਕਦੀਆਂ ਬਹੂ-ਬੇਟੀਆਂ ਨੂੰ ਛੁਡਾ ਕੇ ਲਿਆਂਦਾ ਅਤੇ ਘਰੋ-ਘਰੀ ਪਹੁੰਚਾਇਆ।
ਜਥੇਦਾਰ ਨੇ ਕਿਹਾ ਕਿ ਸਿੱਖਾਂ ਦੇ ਗੁਰੂਆਂ ਨੇ ਕਿਸੇ ਧਰਮ ਸਬੰਧੀ ਕੋਈ ਵਿਤਕਰਾ ਨਹੀਂ ਕੀਤਾ ਅਤੇ ਨਾ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਸੇ ਧਰਮ ਦਾ ਵਿਰੋਧ ਕੀਤਾ।ਸਗੋਂ ਉਨ੍ਹਾਂ ਕੋਲ ਹਿੰਦੂ, ਮੁਸਲਿਮ ਵੀ ਆਉਂਦੇ ਰਹਿੰਦੇ ਸਨ ਅਤੇ ਵਿਚਾਰ-ਚਰਚਾ ਵੀ ਹੁੰਦੀ ਰਹਿੰਦੀ ਸੀ।
ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਪੁਲਿਸ ਮੁਲਾਜਮਾਂ ਦੀ ਖਿਚਾਈ ਕੀਤੀ ਜਾਵੇ, ਜਿਹੜੇ ਉਸ ਵਕਤ ਓਥੇ ਮੌਜੂਦ ਸਨ।ਉਨ੍ਹਾਂ ਨੇ ਸੰਤਾਂ ਦਾ ਪੁਤਲਾ ਸਾੜਨ ਤੋਂ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਸਗੋਂ ਉਲਟ ਸਿੱਖਾਂ ਨੂੰ ਪਕੜ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ।ਇਹ ਕਿੰਨੀ ਬੇਇਨਸਾਫੀ ਹੈ ਕਿ ਜ਼ਿਆਦਤੀ ਕਰਨ ਵਾਲੇ ਨੂੰ ਖੁੱਲ ਦਿੱਤੀ ਗਈ ਹੈ ਅਤੇ ਰੋਕਣ ਵਾਲੇ ਨੂੰ ਹਵਾਲਾਤ ਬੰਦ ਕਰ ਦਿੱਤਾ ਗਿਆ, ਇਹ ਸਰਕਾਰ ਦਾ ਕੀ ਰਵੱਈਆ ਹੈ? ਜੇਕਰ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਇਹ ਲੋਕ ਬਾਜ਼ ਨਹੀਂ ਆਉਂਦੇ ਤਾਂ ਸਿੱਖ ਆਪਣੀ ਮਰਜ਼ੀ ਨਾਲ ਫੈਸਲਾ ਲੈਣ ਲਈ ਮਜ਼ਬੂਰ ਹੋਣਗੇ।ਇਸ ਦਾ ਜੋ ਵੀ ਸਿੱਟਾ ਨਿਕਲੇਗਾ, ਇਸ ਦੀ ਸਰਕਾਰ ਜਿੰਮੇਵਾਰ ਹੋਵੇਗੀ।ਇਸ ਲਈ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਤੁਰੰਤ ਆਪ ਦਖ਼ਲ ਦੇ ਕੇ ਪੁਲਿਸ ਮੁਲਾਜ਼ਮ ਜਿਹੜੇ ਓਥੇ ਹਾਜਰ ਸਨ ਅਤੇ ਉਹ ਲੋਕ ਜੋ ਇਸ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
ਅਖ਼ੀਰ ਵਿਚ ਜਥੇਦਾਰ ਨੇ ਕਿਹਾ ਕਿ ਸਿੱਖ ਵੀ ਸੁਚੇਤ ਹੋਣ ਅਤੇ ਜੋ ਲੋਕ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਆਪਣਾ ਮਤਲਬ ਕੱਢਣਾ ਚਾਹੁੰਦੇ ਹਨ, ਉਹਨਾਂ ਨੂੰ ਢੁੱਕਵਾਂ ਜੁਆਬ ਦੇਣ ਲਈ ਇਕਮੁੱਠ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਅਤੇ ਆਪਸੀ ਭੇਦਭਾਵ ਮਿਟਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇ, ਜਿਸ ਨਾਲ ਕੌਮ ਚੜ੍ਹਦੀ ਕਲਾ ਵਿਚ ਜਾਵੇ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media