ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਹਵਾਈ ਅੱਡੇ ’ਤੇ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਜੱਠਣ ਲਈ ਅੱੱਜ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਵੱਲੋਂ ਅਭਿਆਸ ਕੀਤਾ
ਗਿਆ।ਸ਼ਾਮ ਕਰੀਬ ਸਾਢੇ 4 ਵਜੇ ਇਕ ਹਵਾਈ ਜਹਾਜ਼ ਨੂੰ ਇੰਜਣ ਫੇਲ੍ਹ ਹੋ ਜਾਣ ਦੀ ਹਾਲਤ ਵਿਚ ਹਵਾਈ ਅੱਡੇ ’ਤੇ ਉਤਾਰਿਆ ਗਿਆ।ਇਸ ਸਮੇਂ ਏਅਰ ਟ੍ਰੈਫਿਕ ਕੰਟਰੋਲ ਤੋਂ ਹੰਗਾਮੀ ਹਾਲਤਾਂ ਦਾ ਐਲਾਨ ਕੀਤਾ ਗਿਆ ਅਤੇ ਸਾਰੇ ਹਵਾਈ ਅੱਡੇ ’ਤੇ ਬਚਾਅ ਕੰਮਾਂ ਵਿਚ ਲੱਗ ਗਏ।ਇਹ ਸ਼ੋਅ ਕੀਤਾ ਗਿਆ ਕਿ ਹਵਾਈ ਜਹਾਜ਼ ਹੰਗਾਮੀ ਹਾਲਤ ਵਿਚ ਉਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਨੂੰ ਅੱਗ ਲੱਗ ਗਈ ਹੈ।ਹਵਾਈ ਅੱਡੇ ’ਤੇ ਤਾਇਨਾਤ ਬਚਾਓ ਟੀਮਾਂ ਅਤੇ ਅੱਗ ਬੁਝਾਊ ਦਸਤਾ ਅੱਗ ਬੁਝਾਉਣ ਦੇ ਕੰਮ ਵਿਚ ਲੱਗ ਗਿਆ। ਹੰਗਾਮੀ ਹਾਲਤਾਂ ਨਾਲ ਨਿਜੱਠਣ ਲਈ ਸ਼ਹਿਰ ਤੋਂ ਵੀ ਕਾਰਪੋਰੇਸ਼ਨ ਦੀ ਅੱਗ ਬੁਝਾਊ ਟੀਮ ਪਹੁੰਚੀ।ਇਸ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਦੀਆਂ ਐਬੂਲੈਂਸ ਗੱਡੀਆਂ, ਡਾਕਟਰ, ਪੈਰਾ ਮੈਡੀਕਲ ਸਟਾਫ, ਹਵਾਈ ਫੌਜ ਦੇ ਜਵਾਨ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਅਧਿਕਾਰੀ ਤੇ ਕਰਮਚਾਰੀ ਵੀ ਇਸ ਅਭਿਆਸ ਵਿਚ ਸ਼ਾਮਿਲ ਹੋਏ।ਅੱਗ ਬੁਝਾਉਣ ਦੇ ਅਭਿਆਸ ਕਰਨ ਦੇ ਨਾਲ-ਨਾਲ ਮੁਸਾਫਰਾਂ ਦੀ ਸਾਂਭ-ਸੰਭਾਲ, ਮਰਹੱਮ ਪੱਟੀ, ਯਾਤਰੂਆਂ ਦੇ ਦੋਸਤਾਂ ਦੇ ਰਿਸ਼ਤੇਦਾਰਾਂ ਨੂੰ ਬਚਾਅ ਕੰਮਾਂ ਵਿਚ ਸ਼ਾਮਿਲ ਕਰਨ ਦਾ ਅਭਿਆਸ ਵੀ ਕੀਤਾ ਗਿਆ। ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਨੇ ਇਸ ਅਭਿਆਸ ਦੀ ਸਫਲਤਾ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ ਅਤੇ ਅਮਲੇ ਦਾ ਧੰਨਵਾਦ ਕੀਤਾ।ਉਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਸੁਰੱਖਿਆ ਦੇ ਲਿਹਾਜ ਨਾਲ ਪੂਰੇ ਹਨ, ਪਰ ਅਜਿਹੇ ਅਭਿਆਸ ਕੰਮ ਕਰਨ ਦਾ ਢੰਗ ਸਿਖਾਉਣ ਲਈ ਜ਼ਰੂਰੀ ਹਨ।ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੀ.ਸੀ.ਐਸ ਅਧਿਕਾਰੀ ਮੈਡਮ ਅਲਕਾ, ਖੁਸ਼ਦਿਲ ਸਿੰਘ ਸੰਧੂ, ਸ਼ਿਵਰਾਜ ਸਿੰਘ ਬੱਲ, ਗੁਰਪ੍ਰੀਤ ਸਿੰਘ ਭੱਟੀ ਸੇਫਟੀ ਮੈਨੇਜਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media