ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲ੍ਹਾ ਅਪੰਗ ਮੁੜ ਵਸੇਬਾ ਕੇਂਦਰ (ਡੀ.ਡੀ.ਆਰ.ਸੀ) ਅਤੇ ਕਿੱਤਾ ਮੁੱਖੀ ਮੁੜ ਵਸੇਵਾ ਕੇਂਦਰ (ਵੀ.ਆਰ.ਸੀ)
ਵਲੋਂ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਸਾਰੇ ਬਲਾਕਾਂ ਦੀਆਂ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਵੀ.ਆਰ.ਸੀ. ਬਠਿੰਡਾ ਵਲੋ 40 ਪ੍ਰਤੀਸ਼ਤਤਾ ਵਾਲੇ ਅਪੰਗ ਵਿਅਕਤੀਆਂ ਨੂੰ ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੀ ਹੋਵੇ ਉਨ੍ਹਾਂ ਨੂੰ ਇੱਕ ਸਾਲ ਦਾ ਕੰਪਿਊਟਰ ਕੋਰਸ ਅਤੇ ਸਿਲਾਈ-ਕਟਾਈ ਦੇ ਕੋਰਸਾਂ ਦੀ ਮੁਫ਼ਤ ਟ੍ਰੇਨਿੰਗ ਧੋਬੀਆਣਾ ਰੋਡ, ਗਲੀ ਨੰਬਰ 3-4 ਬਠਿੰਡਾ ਵਿਖੇ ਦਿੱਤੀ ਜਾਵੇਗੀ ਅਤੇ ਟ੍ਰੇਨਿੰਗ ਲੈਣ ਵਾਲੇ ਅਪੰਗ ਵਿਅਕਤੀਆਂ ਨੂੰ 2000/- ਰੁਪਏ ਪ੍ਰਤੀ ਮਹੀਨਾ ਵਜੀਫ਼ਾ ਵੀ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਜੋ ਅਪੰਗ ਲੋਕਾਂ ਨੂੰ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਰੈਡ ਕਰਾਸ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਡੀ.ਡੀ.ਆਰ.ਸੀ ਬਠਿੰਡਾ ਵੱਲੋਂ ਫਿਜ਼ਿਓਥਰੈਪੀ, ਸਪੀਚ ਥਰੈਪੀ, ਮੋਬਿਲਟੀ ਟਰੇਨਿੰਗ (ਨੇਤਰਹੀਣਾਂ ਲਈ) ਇਸ ਤੋਂ ਇਲਾਵਾ ਦਿਵਯਾਂਗਜਨ (ਅਪੰਗ) ਵਿਅਕਤੀਆਂ ਨੂੰ ਨਕਲੀ ਲੱਤਾ, ਕੈਲੀਪਰ, ਕੰਨਾਂ ਵਾਲੀਆਂ ਮਸ਼ੀਨਾਂ, ਵ੍ਹੀਲ ਚੇਅਰ, ਟਰਾਈਸਾਈਕਲ ਆਦਿ ਦੀ ਸਹੂਲਤ ਮੁਫ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਹੂਲਤਾਂ ਲੈਣ ਲਈ ਬਿਨੈ ਕਰਤਾ ਕੋਲ ਅਪੰਗਤਾ ਸਰਟੀਫ਼ਿਕੇਟ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦਾ ਹੋਵੇ ਅਤੇ ਉਸ ਦਾ ਆਮਦਨ ਸਰਟੀਫਿਕੇਟ 15000/ ਪ੍ਰਤੀ ਮਹੀਨਾ ਤੋਂ ਘੱਟ ਅਤੇ ਆਧਾਰ ਕਾਰਡ ਹੋਣਾ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੈਂਟਰ ਵਿਖੇ ਪਹੁੰਚ ਕੇ ਸਹੂਲਤਾਂ ਦਾ ਵੱਧ ਤੋ ਵੱਧ ਲਾਭ ਉਠਾਉਣ। ਉਨ੍ਹਾ ਇਹ ਵੀ ਦੱਸਿਆ ਕਿ ਡੀ.ਡੀ.ਆਰ.ਸੀ. ਸੈਂਟਰ ਦਾ ਸਟਾਫ਼ ਹਰੇਕ ਮੰਗਲਵਾਰ ਅਤੇ ਵੀਰਵਾਰ, ਸਿਵਲ ਹਸਪਤਾਲ ਬਠਿੰਡਾ ਵਿਖੇ ਸਬੰਧਤ ਡਾਕਟਰਾਂ ਨਾਲ ਬੈਠ ਕੇ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗਾ।ਸਪੀਚ ਥਰੈਪੀ ਦੇ ਮਾਹਿਰ ਸਿਵਲ ਹਸਪਤਾਲ ਬਠਿੰਡਾ ਵਿਖੇ ਬੈਠਦੇ ਹਨ ਇਸ ਇਲਾਜ ਸਬੰਧੀ ਉਨ੍ਹਾਂ ਦੀ ਵੀ ਮੁਫ਼ਤ ਸਹਾਇਤਾ ਲਈ ਜਾ ਸਕਦੀ ਹੈ।ਇਸ ਮੀਟਿੰਗ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸ਼ਥਾਰਪੂਰਵਕ ਜਾਣਕਾਰੀ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਅਤੇ ਉਨ੍ਹਾਂ ਹਦਾਇਤ ਕੀਤੀ ਕਿ ਉਹ 15 ਦਿਨਾਂ ਦੇ ਇਨ੍ਹਾਂ ਟ੍ਰੇਨਿੰਗ ਕੋਰਸਾਂ ਦੀ ਮੁਫ਼ਤ ਸਹੂਲਤਾਂ ਲਈ ਸਪੈਸ਼ਲ ਮੁਹਿੰਮ ਚਲਾ ਕੇ ਪੈਨਸ਼ਨ ਪ੍ਰਾਪਤ ਕਰ ਰਹੇ ਅਪੰਗ ਵਿਅਕਤੀਆਂ ਅਤੇ ਆਮ ਅਪੰਗ ਵਿਅਕਤੀਆਂ ਨੂੰ ਪਿੰਡ-ਪਿੰਡ ਜਾ ਕੇ ਫਿਜ਼ਿਓਥਰੈਪੀ, ਸਪੀਚ ਥਰੈਪੀ, ਮੋਬਿਲਟੀ ਟਰੇਨਿੰਗ (ਨੇਤਰਹੀਣਾਂ ਲਈ) ਇਸ ਤੋਂ ਇਲਾਵਾ ਦਿਵਯਾਂਗਜਨ (ਅਪੰਗ) ਵਿਅਕਤੀਆਂ ਨੂੰ ਨਕਲੀ ਲੱਤਾ, ਕੈਲੀਪਰ, ਕੰਨਾਂ ਵਾਲੀਆਂ ਮਸ਼ੀਨਾਂ, ਵਹੀਲ ਚੇਅਰ, ਟਰਾਈਸਾਈਕਲ, ਕੰਪਿਊਟਰ ਅਤੇ ਸਿਲਾਈ-ਕਟਾਈ ਆਦਿ ਲਈ ਜਾਗਰੂਕ ਕਰਨ ਤਾਂ ਜੋ ਪਿੰਡਾਂ ਵਿਚ ਰਹਿ ਰਹੇ ਅਪੰਗ ਵਿਅਕਤੀ ਇਸ ਦਾ ਲਾਭ ਉਠਾ ਸਕਣ।
ਇਸ ਤੋਂ ਇਲਾਵਾ ਕੈਂਸਰ ਸਕਰੀਨਿੰਗ ਦਾ ਵੀ ਸਰਵੇ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਔਰਤਾਂ ਵਿਚ ਛਾਤੀ ਦਾ ਕੈਂਸਰ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਅਤੇ ਮੂੰਹ ਦਾ ਕੈਂਸਰ ਸਬੰਧੀ ਪਿੰਡਾਂ ਵਿਚ ਸਬ-ਸੈਂਟਰਾਂ ਤੇ ਏ.ਐਨ.ਐਮ. ਵਲੋਂ ਆਰੰਭਿਕ ਜਾਂਚ ਬਿਲਕੁਲ ਮੁਫ਼ਤ ਕੀਤੀ ਜਾਵੇਗੀ ਜੇ ਕਿਸੇ ਤੋ ਸ਼ੱਕ ਲੱਗਦਾ ਹੈ ਤਾਂ ਉਸਦੀ ਅਗੇਤਰੀ ਮੁਕੰਮਲ ਜਾਂਚ ਸਿਵਲ ਹਸਪਤਾਲ ਜਾਂ ਅਡਵਾਂਸ ਕੈਂਸਰ ਇੰਸਟੀਚਿਊਟ ਵਿਖੇ ਕੀਤੀ ਜਾਵੇਗੀ ਤਾਂ ਜੋ ਉਕਤ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਸਕੇ।ਇਸ ਮੌਕੇ ਡੀ.ਸੀ.ਪੀ.ਓ. ਮੈਡਮ ਰਵਨੀਤ ਕੌਰ ਸਿੱਧੂ, ਵੀ.ਆਰ.ਸੀ ਦੇ ਸੁਪਰਡੈਂਟ ਦਰਸ਼ਨ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਸਿਵਲ ਸਰਜਨ ਬਠਿੰਡਾ, ਡੀ.ਡੀ.ਆਰ.ਸੀ ਦੇ ਅਧਿਕਾਰੀ ਅਤੇ ਸਮੂਹ ਬਲਾਕਾਂ ਦੇ ਸੀ.ਡੀ.ਪੀ.ਓਜ਼ ਅਤੇ ਸੁਪਰਵਾਈਜ਼ਰਜ਼ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media