’84 ਦੀ ਗਲਤ ਫੌਜੀ ਕਾਰਵਾਈ ਪ੍ਰਤੀ ਪਸ਼ਚਾਤਾਪ ਦਾ ਵੇਲਾ – ਡਾ: ਸੁਬਰਾਮਨੀਅਨ ਸਵਾਮੀ
ਦਿੱਲੀ 22 ਜੂਨ (ਪੰਜਾਬ ਪੋਸਟ ਬਿਊਰੋ) – ਆਪਣੀ ਬੇਬਾਕ ਤੇ ਦਲੇਰਾਨਾ ਕਾਰਜ ਸ਼ੈਲੀ ਲਈ ਜਾਣੇ ਜਾਂਦੇ ਭਾਜਪਾ ਆਗੂ ਅਤੇ ਮੈਂਬਰ ਪਾਰਲੀਮੈਂਟ ਡਾ: ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਜੂਨ
’84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਇੰਦਰਾ ਗਾਂਧੀ ਹਕੂਮਤ ਵੱਲੋਂ ਫੌਜੀ ਕਾਰਵਾਈ ਕਰਨੀ ਬਿਲਕੁੱਲ ਗਲਤ ਸੀ, ਜਿਸ ਨੂੰ ਸਵੀਕਾਰ ਕਰਦਿਆਂ ਸਿੱਖ ਕੌਮ ਤੋਂ ਪਸ਼ਚਾਤਾਪ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਦਿਆਂ ਉਹਨਾਂ ਦਾ ਭਰੋਸਾ ਮੁੜ ਜਿੱਤਿਆ ਜਾ ਸਕੇ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ’ਚ ਗਏ ਇੱਕ ਵਫ਼ਦ ਜਿਨ੍ਹਾਂ ’ਚ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਭਾਈ ਅਜੈਬ ਸਿੰਘ ਅਭਿਆਸੀ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰਾ ਦਮਦਮੀ ਟਕਸਾਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਸ਼ਾਮਿਲ ਸਨ ਨਾਲ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਡੂੰਘੀਆਂ ਵਿਚਾਰਾਂ ਕਰਨ ਉਪਰੰਤ ਡਾ: ਸਵਾਮੀ ਨੇ ਕਿਹਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਗੰਭੀਰਤਾ ਨਾਲ ਵਕਾਲਤ ਕਰਨ ਦਾ ਬੀੜਾ ਉਠਾਉਂਦੇ ਹਨ ਅਤੇ ਯਕੀਨ ਦਿਵਾਉਂਦੇ ਹਨ ਕਿ ਜਦ ਤੱਕ ਇਹ ਕਾਰਜ ਪੂਰਾ ਨਹੀਂ ਹੋ ਜਾਂਦਾ ਉਹ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਪ੍ਰਤੀ ਕੋਈ ਕਸਰ ਨਹੀਂ ਛੱਡਣਗੇ।
ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਪਾਰਲੀਮੈਂਟ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਪ੍ਰਤੀ ਨਿਖੇਧੀ ਦਾ ਪ੍ਰਸਤਾਵ ਲਿਆਉਣ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਤਮਾਮ ਰਸਤਿਆਂ ਨੂੰ ਚੌੜੇ ਅਤੇ ਸੁੰਦਰ ਬਣਾਉਣ, ਆਨੰਦ ਕਾਰਜ ਐਕਟ ਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਪੂਰੇ ਦੇਸ਼ ਵਿੱਚ ਲਾਗੂ ਕਰਨ, ਗੁਰਦਵਾਰਾ ਗਿਆਨ ਗੋਦੜੀ ਨੂੰ ਮੁੜ ਮੂਲ ਅਸਥਾਨ ’ਤੇ ਸਥਾਪਿਤ ਕਰਨ, ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਪੀੜਤਾਂ ਪਰਿਵਾਰਾਂ ਦਾ ਮੁੜ ਵਸੇਬਾ ਕਰਨ, ’84 ਦੇ ਘੱਲੂਘਾਰੇ ਦੌਰਾਨ ਫੌਜ ਵੱਲੋਂ ਉਠਾਇਆ ਗਿਆ।ਸਿੱਖ ਰੈਫਰੰਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਤੀਰ ਅਤੇ ਕਿਰਪਾਨ ਸਿੱਖ ਕੌਮ ਨੂੰ ਵਾਪਸ ਕਰਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਬੇਅਦਬੀ ਕਰਨ ’ਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਵਾਲੇ ਬਿੱਲ ਨੂੰ ਮਨਜ਼ੂਰ ਕਰ ਕੇ ਲਾਗੂ ਕਰਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਦੇਸ਼ ਦੇ ਵਿੱਦਿਅਕ ਅਦਾਰਿਆਂ ਵਿੱਚ ਮਾਤਰ ਭਾਸ਼ਾਵਾਂ ਵਿੱਚ ਛਪਵਾ ਕੇ ਲਾਗੂ ਕਰਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਕੌਮੀ ਗਜ਼ਟਿਡ ਛੁੱਟੀ ਐਲਾਨ ਕਰਨ, ਬੈਰਕਾਂ ਛੱਡਣ ਵਾਲੇ ਧਰਮੀ ਫੌਜੀਆਂ ਨਾਲ ਇਨਸਾਫ ਕਰਨ, ਯੂ. ਪੀ ਦੇ ਕੁੱਝ ਧਾਰਮਿਕ ਡੇਰਿਆਂ ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁਰਾਤਨ ਸਰੂਪਾਂ ਪ੍ਰਤੀ ਮਰਿਆਦਾ ਅਨੁਸਾਰ ਬਣਦਾ ਸਤਿਕਾਰ ਨਹੀਂ ਹੋ ਰਹੇ ਹਨ, ਨੂੰ ਗੁਰ ਅਸਥਾਨਾਂ ਵਿੱਚ ਸਥਾਪਿਤ ਕਰਨ, ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਡੇਮਾਨ ਨਿਕੋਬਾਰ ਦੀਪ ਦੇ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀਆਂ ਮੰਗਾਂ ਰੱਖੀਆਂ।ਉਹਨਾਂ ਇੱਕ ਯਾਦ-ਪੱਤਰ ਦਿੰਦਿਆਂ ਡਾ: ਸਵਾਮੀ ਤੋਂ ਉਮੀਦ ਜਤਾਇਆ ਕਿ ਉਹ ਸਿੱਖ ਪੰਥ ਨੂੰ ਦਰਪੇਸ਼ ਉਕਤ ਮਸਲਿਆਂ ਦੀ ਗੰਭੀਰਤਾ ਨੂੰ ਸਮਝਦੇ ਹੋਏ।ਇਹਨਾਂ ਨੂੰ ਹਲ ਕਰਨ ਪ੍ਰਤੀ ਅਹਿਮ ਭੂਮਿਕਾ ਨਿਭਾਉਗੇ।
ਇਸ ਮੌਕੇ ਹਰਵਿੰਦਰ ਸਿੰਘ ਖੁਰਾਣਾ, ਭਾਈ ਹੀਰਾ ਸਿੰਘ ਕੈਨੇਡਾ, ਭਾਈ ਗੁਰਪ੍ਰੀਤ ਸਿੰਘ ਪੀ ਏ, ਭਾਈ ਰਘਬੀਰ ਸਿੰਘ ਯੂ. ਕੇ, ਭਾਈ ਸ਼ਮਸ਼ੇਰ ਸਿੰਘ, ਭਾਈ ਹਰਨੂਰ ਸਿੰਘ, ਭਾਈ ਪ੍ਰਣਾਮ ਸਿੰਘ, ਭਾਈ ਹਰਮਨ ਦੀਪ ਸਿੰਘ, ਅਤੇ ਭਾਈ ਸਤਨਾਮ ਸਿੰਘ ਆਦਿ ਵੀ ਮੌਜੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media