ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅਗਸਤ ਮਹੀਨੇ
ਅੰਮ੍ਰਿਤਸਰ ਵਿੱਚ ਸੈਂਮੀਨਾਰ ਕਰਕੇ ਅਮਲੀ ਰੂਪ ਦਿਤਾ ਜਾਵੇਗਾ।ਪੰਜਾਬ ਬਚਾਉ, ਦੇਸ਼ ਬਚਾਉ ਨਸ਼ਾ ਮੁਕਤੀ ਅੰਦੋਲਨ ਅਭਿਆਨ ਦੀ ਪ੍ਰਧਾਨ ਮੈਡਮ ਪੁਰਨੀਮਾ ਵਰਮਾ ਨੇ ਕਿਹਾ ਕਿ ਉਹਨਾਂ ਦਾ ਗੈਰ ਸਿਆਸੀ ਸੰਗਠਨ ਦੇਸ਼ ਵਿੱਚੋ ਨਸ਼ੀਲੇ ਪਦਾਰਥਾਂ ਦੇ ਖਾਤਮੇ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰ ਰਿਹਾ ਹੈ।
ਅੱਜ ਸਥਾਨਕ ਹੋਟਲ ਵਿੱਚ ਅਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੁਰਨੀਮਾ ਵਰਮਾ ਕਿਹਾ ਕਿ ਉਹ ਪੇਡੂ ਤੇ ਸ਼ਹਿਰੀ ਖੇਤਰਾਂ ਵਿੱਚ ਔਰਤਾਂ ਨੂੰ ਅਣਖ ਦਾ ਵਾਸਤਾ ਪਾ ਕੇ ਨਸ਼ਿਆਂ ਖਿਲਾਫ ਜਾਗਰੂਕ ਕਰਨਗੇ ਅਤੇ ਜੰਗੀ ਪੱਧਰ ਦੀ ਇਸ ਮੁਹਿੰਮ ‘ਚ ਕਿਸੇ ਕਿਸਮ ਦੀ ਢਿੱਲ ਨਹੀ ਆਉਣ ਦਿੱਤੀ ਜਾਵੇਗੀ।ਉਹਨਾਂ ਇਸ ਕਾਰਜ਼ ਲਈ ਹਰ ਧਰਮ, ਜਾਤ, ਪਾਰਟੀ ਤੇ ਜਥੇਬੰਦੀ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।
ਮੈਡਮ ਪੁਰਨੀਮਾ ਵਰਮਾ ਨੇ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ ਬਰਬਾਦ ਹੋ ਗਿਆ ਸਮਝ ਲਉ ਉਸ ਦੇਸ਼ ਦਾ ਭਵਿੱਖ ਤਬਾਹ ਹੋ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਪੂਰੀ ਦੁਨੀਆ ਵਿੱਚ ਧਾਂਕ ਮੰਨੀ ਜਾਂਦੀ ਸੀ, ਪਰ ਅੱਜ ਪੰਜਾਬ ਵਿੱਚ ਵੱਗਦਾ ਨਸ਼ਿਆ ਦਾ ਛੇਵਾਂ ਦਰਿਆ ਬਰਬਾਦੀ ਦਾ ਕਾਰਨ ਬਣ ਰਿਹਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਮੈਡਮ ਪੁਰਨੀਮਾ ਵਰਮਾ ਨੇ ਕਿਹਾ ਕਿ ਉਨਾਂ ਨੇ ਆਪਣੀ ਮੁਹਿੰਮ ਦਾ ਨਾਮ ਹੀ ‘ਪੰਜਾਬ ਬਚਾਉ ਦੇਸ਼ ਬਚਾੳ’ ਰੱਖਿਆ ਹੈ ਅਤੇ ਪੰਜਾਬ ਦੇਸ਼ ਦੀ ਖੜਗਭੁੱਜਾ ਹੋਣ ਕੇ ਦੇਸ਼ ਦੀ ਸਰਹੱਦ ਦਾ ਰਾਖਾ ਵੀ ਹੈ, ਪਰ ਜਿਸ ਤਰੀਕੇ ਨਾਲ ਨਸ਼ੀਲੇ ਪਦਾਰਥ ਗੁਆਢੀ ਮੁਲਕ ਪਾਕਿਸਤਾਨ ਤੋ ਆ ਰਹੇ ਹਨ ਉਹ ਚਿੰਤਾ ਦਾ ਵਿਸ਼ਾ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਵਰਮਾ ਨੇ ਕਿਹਾ ਕਿ ਨਸ਼ਾ ਇਸ ਵੇਲੇ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਸ਼ਿਆ ‘ਤੇ ਕਾਫੀ ਹੱਦ ਤੱਕ ਕੰਟਰੋਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਲੇਕਿਨ ਇਸ ਦੀ ਲਪੇਟ ਵਿੱਚ ਆ ਚੁੱਕੇ ਪੰਜਾਬ ਦੇ ਤਕਰੀਬਨ 80 ਫੀਸਦੀ ਨੌਜਵਾਨਾਂ ਨੂੰ ਬਚਾਉਣਾ ਕਰਨਾ ਬਹੁਤ ਜਰੂਰੀ ਹੈ।
ਮੁਹਿੰਮ ਨੂੰ ਚਲਾਉਣ ਲਈ ਫੰਡਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਦਾ ਦ੍ਰਿੜ ਇਰਾਦਾ ਤੇ ਦ੍ਰਿੜ ਜ਼ਜ਼ਬਾ ਪੈਦਾ ਹੋ ਜਾਂਦਾ ਹੈ ਤਾਂ ਉਸ ਵੇਲੇ ਫੰਡ ਮੰਗੇ ਨਹੀ ਜਾਂਦੇ ਖੁਦ ਬਖੁਦ ਹੀ ਆ ਜਾਂਦੇ ਹਨ।ਉਹਨਾਂ ਹੋਰ ਕਿਹਾ ਕਿ ਉਹ ਇੱਕ ਮਹੀਨਾ ਸੰਗਠਨ ਨੂੰ ਮਜਬੂਤ ਕਰਨ ਤੇ ਇਸ ਦਾ ਢਾਂਚਾ ਬਣਾਉਣ ਲਈ ਲਗਾਉਣਗੇ ਤੇ ਫਿਰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣਗੇ।ਸੰਸਥਾ ਦੇ ਪੰਜਾਬ ਪ੍ਰਧਾਨ ਤੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਬਾਸਰਕੇ ਨੇ ਕਿਹਾ ਕਿ ਪੰਜਾਬ ਬਚਾਉ, ਦੇਸ਼ ਬਚਾਉ ਨਸ਼ਾ ਮੁਕਤੀ ਅੰਦੋਲਨ ਅਭਿਆਨ ਨੂੰ ਹਰ ਹਾਲਤ ‘ਚ ਕਾਮਯਾਬ ਕੀਤਾ ਜਾਵੇਗਾ, ਤਾਂ ਜੋ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਸਫਲ ਹੋ ਸਕੇ।ਇਸ ਮੌਕੇ ਮਨਿੰਦਰ ਸਿੰਘ ਧੁਨਾਂ, ਮੁਖਤਾਰ ਸਿੰਘ, ਬੀਬੀ ਭੁਪਿੰਦਰ ਕੌਰ ਖਾਲਸਾ, ਗੁਰਮੀਤ ਕੌਰ ਤੇ ਬਲਬੀਰ ਕੌਰ ਵੀ ਨਾਲ ਸਨ।
Punjab Post Daily Online Newspaper & Print Media