Saturday, November 14, 2026

ਸਰਕਾਰ ਦੇ ਪਲੇਠੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੇਂਦਰੀ ਵਿੱਤੀ ਸਾਲ ਦੌਰਾਨ ਭਾਰਤ ਸਰਕਾਰ ਦੇ ‘ਨੀਤੀ ਆਯੋਗ’ ਵਲੋਂ ਪੱਟੀ-ਮੱਖੂ ਰੇਲ ਲਿੰਕ ਲਈ 2017-18 ਦੇ 299 ਕਰੋੜ ਦੀ Hall Gateਦਿੱਤੀ ਗਈ ਮੰਜੂਰੀ ਦੇ ਮੱਦੇਨਜ਼ਰ ਆਸ ਸੀ ਕਿ ਰੇਲ ਲਾਈਨ ਦੀ ਜਮੀਨ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਆਪਣੇ ਪਲੇਠੇ ਬੱਜ਼ਟ ਵਿੱਚ ਲੋੜੀਂਦੀ ਰਕਮ ਦੀ ਪ੍ਰਵਾਨਗੀ ਦੇ ਦੇਵੇਗੀ, ਪ੍ਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਪਟਨ ਸਰਕਾਰ ਨੇ ਤਾਂ ਇਸ ਵਿਸ਼ੇ ਨੂੰ ਛੁਹਿਆ ਤੱਕ ਨਹੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪ੍ਰਿੰ. ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਆਸ ਸੀ ਕਿ ਚਿਰਾਂ ਤੋਂ ਲਟਕ ਰਹੀ ਤਰਨ-ਤਾਰਨ ਅਤੇ ਫਿਰੋਜ਼ਪੁਰ ਜਿਲਿਆਂ ਵਿੱਚ ਵਿਛਾਈ ਜਾਣ ਵਾਲੀ ਰੇਲ ਪੱਟੜੀ ਲਈ ਜਮੀਨ ਐਕੁਆਇਰ ਕਰਨ ਲਈ ਸਰਕਾਰ ਬੱਜ਼ਟ ਵਿੱਚ ਪ੍ਰਬੰਧ ਜਰੂਰ ਕਰੇਗੀ, ਪਰ ਅਜਿਹਾ ਨਾ ਕਰਕੇ ਸਰਕਾਰ ਨੇ ਅੰਮ੍ਰਿਤਸਰੀਆਂ ਨੂੰ ਨਿਰਾਸ਼ ਕੀਤਾ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਹ ਭੁੱਲ ਗਏ ਹਨ ਕਿ 2014 ਦੀ ਤੇਜ਼ ਚੱਲੀ ਮੋਦੀ ਲਹਿਰ ਦੇ ਬਾਵਜੂਦ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਇਕ ਲੱਖ ਵੋਟਾਂ ਦੇ ਫਰਕ ਨਾਲ ਜਿਤਾ ਕੇ ਉਹਨਾ ਨੂੰ ਮਾਣ ਬਖਸ਼ਿਆ ਸੀ।
ਪ੍ਰੋ. ਅਣਖੀ ਨੇ ਕਿਹਾ ਕਿ ਅੰਮ੍ਰਿਤਸਰ ਹਲਕਾ ਪੁਰਬੀ ਤੋਂ ਕੈਬਨਿਟ ਮੰਤਰੀ ਬਣੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਕੁੱਝ ਮਹੱਤਵਪੂਰਨ ਪ੍ਰੋਜੈਕਟਾਂ, ਜਿੰਨਾਂ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ, ਐਗਜ਼ੀਬੀਸ਼ਨ-ਕਮ-ਕਨਵੈਨਸ਼ਨ ਸੈਂਟਰ, ਸਾਫਟਵੇਅਰ ਟੈਕਨਾਲੋਜੀ ਪਾਰਕ, ਸਾਰਕ ਹਸਪਤਾਲ ਆਦਿ ਦੀ ਸਥਾਪਨਾ ਤੇ ਸੰਪੂਰਨਤਾ ਲਈ ਮਰਨ ਵਰਤ ਰੱਖਣ ਦਾ ਐਲਾਨ ਤੱਕ ਕਰ ਦਿੱਤਾ ਸੀ, ਪ੍ਰੰਤੂ ਆਪਣੀ ਸਰਕਾਰ ਵਿੱਚ ਮਹੱਤਵਪੂਰਨ ਰੁਤਬਾ ਰੱਖਣ ਦੇ ਬਾਵਜੂਦ ਬੱਜ਼ਟ ਦੌਰਾਨ ਪੁਰਨ ਖਾਮੋਸ਼ੀ ਧਾਰੀ ਰੱਖੀ।ਇਥੋਂ ਤੱਕ ਕਿ ਪੀ.ਜੀ.ਆਈ ਹੋਰਟੀਕਲਚਰ ਅੰਮ੍ਰਿਤਸਰ ਦੀ ਸਥਾਪਨਾ ਸੰਬੰਧੀ ਵੀ ਪੰਜਾਬ ਸਰਕਾਰ ਨੇ ਕੋਈ ਰਕਮ ਨਹੀਂ ਰੱਖੀ।ਉਹਨਾਂ ਦੇ ਇਸ ਵਰਤਾਰੇ ਨੇ ਸ਼ਹਿਰੀਆਂ ਵਿੱਚ ਨਿਰਾਸ਼ਤਾ ਪੈਦਾ ਕੀਤੀ ਹੈ।ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨਾਲ ਨੇੜਲੇ ਅਤੇ ਨਿੱਘੇ ਸੰਬੰਧਾਂ ਬਾਵਜੂਦ ਸ਼ਹਿਰ ਵਿੱਚ ‘ਖੁਸ਼ਕ ਬੰਦਰਗਾਹ’ ਦੀ ਸਥਾਪਨਾ ਦੇ ਐਲਾਨ ਤੋਂ ਇਲਾਵਾ ਉਹ ਆਪਣੇ ਹੀ ਵੱਕਾਰੀ ਪ੍ਰੋਜੇਕਟਾਂ ਲਈ ਕੁੱਝ ਖਾਸ ਕਰਨ ਵਿੱਚ ਅਸਫਲ ਰਹੇ ਹਨ।
ਦੱਸਣਯੋਗ ਹੈ ਕਿ 2013 ਵਿੱਚ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਵਲੋਂ ਪੱਟੀ-ਮੱਖੂ ਰੇਲ ਲਿੰਕ ਦੀ ਪ੍ਰਵਾਨਗੀ ਦਿੱਤੀ ਸੀ, ਪਰ ਅੱਜ ਤੱਕ ਇਹ ਪ੍ਰਾਜੈਕਟ ਲਮਕਦਾ ਆ ਰਿਹਾ ਹੈ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply