Sunday, April 12, 2026

ਚੀਫ਼ ਖ਼ਾਲਸਾ ਦੀਵਾਨ ਵਲੋਂ ਕੀਰਤਨ ਦਰਬਾਰ ਦੀਆਂ ਤਿਆਰੀਆਂ ਸੰਬੰਧੀ ਵਿਸ਼ੇਸ਼ ਇਕੱਤਰਤਾ

PPN0107201708ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਿੱਖ ਜਗਤ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ 23 ਜੁਲਾਈ 2017 ਦਿਨ ਐਤਵਾਰ ਨੂੰ ਸ਼ਾਮ 5:00 ਤੋਂ 10:30 ਵਜੇ ਤੱਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਇਸ ਦਿਨ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ, ਜੀ.ਟੀ ਰੋਡ ਵਿਖੇ ਇੱਕ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਅੱਜ ਚੀਫ ਖਾਲਸਾ ਦੀਵਾਨ ਦੇ ਕਾਨਫਰੰਸ ਹਾਲ ਵਿਚ ਇਕ ਵਿਸ਼ੇਸ਼ ਮੀਟਿੰਗ ਦਾ ਆਯਜੋਨ ਕੀਤਾ ਗਿਆ ਜਿਸ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਐਡੀਸ਼ਨਲ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਤਜਿੰਦਰ ਸਿੰਘ (ਸਰਦਾਰ ਪਗੜੀ ਹਾਊਸ), ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ, ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਦੇ ਪ੍ਰਿਸੀਪਲ ਅਤੇ ਸਭਾ ਸੁਸਾਇਟੀਆਂ ਦੇ ਪ੍ਰਮੁੱਖ ਸ਼ਾਮਲ ਹੋਏ ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਦੀਵਾਨ ਵਲੋਂ ਸਿੱਖੀ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਅਧੀਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੀ ਅਰੰਭਤਾ ਭਾਈ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਇਟੀ ਵਾਲੇ ਕਰਨਗੇ।ਇਸ ਕੀਰਤਨ ਦਰਬਾਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੁੰਦੀਆਂ ਹਨ।ਇਸ ਅਵਸਰ ਤੇ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਕੀਰਤਨ ਦਰਬਾਰ ਦੇ ਸ਼ੁਭ ਅਵਸਰ `ਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖ ਕੌਮ ਦੀਆਂ ਕੁੱਝ ਪ੍ਰਮੱੁਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਜਿਨਾਂ ਵਿੱਚ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੌ੍ਰਮਣੀ ਕਮੇਟੀ, ਸੁਨੀਤ ਸਿੰਘ ਤੁਲੀ ਕੈਨੇਡਾ, ਬਾਬਾ ਬਲਬੀਰ ਸਿੰਘ ਸੀਚੇਵਾਲ ਸ਼ਾਮਲ ਹਨ ।
2005 ਤੋਂ ਚੀਫ ਖਾਲਸਾ ਦੀਵਾਨ ਵਲੋਂ ਆਯੋਜਿਤ ਕੀਰਤਨ ਦਰਬਾਰ ਦੇ ਕਨਵੀਨਰ ਦੀ ਸੇਵਾ ਨਿਭਾਅ ਰਹੇ ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਨੇ ਦੱਸਿਆ ਕਿ ਕੀਰਤਨ ਦਰਬਾਰ ਵਿਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਿਸ਼ੇਸ਼ ਤੌਰ `ਤੇ ਪੁੱਜਣਗੇ।ਬੀਬੀ ਪ੍ਰਭਜੋਤ ਕੌਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈ: ਪਬਲਿਕ ਸਕੂਲ ਜੀ ਟੀ ਰੋਡ  ਜਥਾ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਵਾਲੇ, ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ।ਸ਼ਹਿਰ ਦੀਆਂ ਵੱਖ-ਵੱਖ ਸੇਵਾ ਸੰਸਥਾਵਾਂ ਜਿਨ੍ਹਾਂ ਵਿਚ ਗੁਰਮਤਿ ਸਤਿਸੰਗ ਸਭਾ, ਸ੍ਰੀ ਅੰਮ੍ਰਿਤਸਰ ਸੇਵਕ ਸਭਾ ਅਤੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਸ਼ਾਮਲ ਹਨ ਦੀ ਮਦਦ ਨਾਲ ਇਸ ਕੀਰਤਨ ਦਰਬਾਰ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
ਚੀਫ਼ ਖ਼ਾਲਸਾ ਦੀਵਾਨ ਵਲੋਂ ਸਮੂਹ ਸੰਗਤਾਂ ਨੂੰ ਵਧ-ਚੜ੍ਹ ਕੇ ਕੀਰਤਨ ਦਰਬਾਰ ਵਿੱਚ ਸ਼ਾਮਲ ਹੋ ਦੀ ਬੇਨਤੀ ਕੀਤੀ ਗਈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply