Tuesday, March 10, 2026

ਦਮਦਮੀ ਟਕਸਾਲ ਦੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਹੈ ਡੂੰਘੀ ਸਾਂਝ- ਬਾਬਾ ਹਰਨਾਮ ਸਿੰਘ

ਕਿਹਾ ਸੁਖਬੀਰ ਬਾਦਲ ਨੇ ਸਵੈ-ਇੱਛਾ ਨਾਲ ਦਮਦਮੀ ਟਕਸਾਲ ਤੇ ਸੰਤ ਸਮਾਜ ਨੂੰ ਪਾਰਟੀ ਟਿਕਟਾਂ ਦਿੱਤੀਆਂ
ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ)-  ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਬੀਤੇ ਦਿਨੀਂ ਕੁੱਝ ਪਾਠੀ ਸਿੰਘਾਂ ਵਲੋਂ ਕੀਤੇ ਗਏ ਧਰਨਾ PPN0408201703ਪ੍ਰਦਰਸ਼ਨ ਤੋਂ ਦਮਦਮੀ ਟਕਸਾਲ ਕਾਫ਼ੀ ਖਫ਼ਾ ਹੈ।ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਉਕਤ ਵਰਤਾਰੇ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਅਤੇ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ।
ਟਕਸਾਲ ਮੁਖੀ ਨੇ ਕਿਹਾ ਕਿ ਪਾਠੀ ਸਿੰਘਾਂ ਦੀਆਂ ਮੰਗਾਂ ਬੇਸ਼ਕ ਵਾਜ਼ਬ ਸਨ, ਪਰ ਜੋ ਤਰੀਕਾ ਉਹਨਾਂ ਅਖਤਿਆਰ ਕੀਤਾ ਉਹ ਉਹਨਾਂ ਨੂੰ ਭੁੱਲ ਕੇ ਵੀ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਦਾ ਖਿਆਲ ਰੱਖਣਾ ਹਰ ਗੁਰਸਿੱਖ ਦਾ ਫਰਜ਼ ਹੋਣਾ ਚਾਹੀਦਾ ਹੈ। ਪਾਠੀ ਸਿੰਘਾਂ ਨੇ ਗੁਰੂ ਸਾਹਿਬ ਦੇ ਅਦਬ ਸਤਿਕਾਰ ਬਾਰੇ ਦੱਸਣਾ ਅਤੇ ਪ੍ਰਚਾਰ ਕਰਨਾ ਹੁੰਦਾ ਹੈ, ਇਸ ਦੇ ਉਲਟ ਉਹਨਾਂ ਦੇ ਉਕਤ ਵਤੀਰੇ ਨਾਲ ਸ੍ਰੋਮਣੀ ਕਮੇਟੀ ਦੇ ਇਤਿਹਾਸ ’ਚ ਪਹਿਲੀ ਵਾਰ ਵਾਪਰੀ ਉਕਤ ਮੰਦਭਾਗੀ ਘਟਨਾ ਨੇ ਸ਼ਰਧਾਲੂਆਂ ਅਤੇ ਸਿੱਖ ਸੰਗਤਾਂ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।
ਟਕਸਾਲ ਮੁਖੀ ਨੇ ਦੱਸਿਆ ਕਿ ਦਮਦਮੀ ਟਕਸਾਲ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਡੂੰਘੀ ਸਾਂਝ ਰਹੀ ਹੈ ਅਤੇ ਟਕਸਾਲ ਨੇ ਇਹਨਾਂ ਦੇ ਪ੍ਰਬੰਧਕਾਂ ਨੂੰ ਹਮੇਸ਼ਾਂ ਸਹਿਯੋਗ ਅਤੇ ਸਾਥ ਦਿੱਤਾ ਹੈ, ਜੋ ਭਵਿਖ ਦੌਰਾਨ ਵੀ ਜਾਰੀ ਰਹੇਗਾ।ਉਹਨਾਂ ਕਿਹਾ ਕਿ ਟਕਸਾਲ ਵਲੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅੰਦਰੂਨੀ ਮਾਮਲੇ ਵਿੱਚ ਬੇਲੋੜੀ ਦਖਲ ਅੰਦਾਜ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਸੁਲਝੇ ਹੋਏ ਆਗੂ ਹਨ ਅਤੇ ਉਹਨਾਂ ਵਲੋਂ ਨਿਭਾਏ ਜਾ ਰਹੇ ਕਾਰਜ ਅਤੇ ਅਗਵਾਈ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਦਬਾਅ ਬਣਾਉਣ ਜਾਂ ਮੈਂਬਰੀਆਂ ਹਾਸਲ ਕਰਨ ਦੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੀ ਕਦੀ ਮਨਸ਼ਾ ਨਹੀਂ ਰਹੀ, ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੀ ਸਵੈ-ਇੱਛਾ ਨਾਲ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਪਾਰਟੀ ਟਿਕਟਾਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਦੇ ਅਸਤੀਫ਼ੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਸਗੋਂ ਚੀਫ਼ ਸਕੱਤਰ ਆਪ ਕਹਿ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਕੰਮਾਂ ਅਤੇ ਰੁਝੇਵਿਆਂ ਕਾਰਨ ਉਹਨਾਂ ਦਾ ਨਿੱਜੀ ਅਤੇ ਘਰੇਲੂ ਕਾਰਜ ਪ੍ਰਭਾਵਿਤ ਹੋ ਰਹੇ ਸਨ ਜਿਸ ਕਾਰਨ ਉਹਨਾਂ ਸੇਵਾ ਮੁਕਤੀ ਲਈ ਹੈ।ਇਸੇ ਦੌਰਾਨ ਟਕਸਾਲ ਮੁਖੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਨੇ ਟਕਸਾਲ ਦੇ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਬੇਲੋੜੀ ਦਖਲ ਅੰਦਾਜ਼ੀ ਕਰਨ ਤੋਂ ਸਖ਼ਤੀ ਨਾਲ ਵਰਜਿਆ ਹੋਇਆ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply