‘ਰੁੱਖ ਨਾ ਕੱਟਣ’ ਤੇ ‘ਬਾਲ ਮਜ਼ਦੂਰੀ ਰੋਕਣ’ ਦੇ ਸੰਦੇਸ਼ਾਂ ਨੂੰ ਮਾਸੂਮੀਅਤ ਨਾਲ ਕੀਤਾ ਪੇਸ਼
ਚੌਂਕ ਮਹਿਤਾ, 29 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਪਿੰਡ ਚੰਨਣਕੇ ਦੇ ਅੱਡਾ ਨਾਥ ਦੀ ਖੂਹੀ ਵਿਖੇ ਸਥਿਤ ਗੁਰੂ ਨਾਨਕ ਦੇਵ ਗਲੋਬਲ ਅਕੈਡਮੀ (ਸੀ.ਬੀ.ਐੱਸ.ਸੀ) ਵਿਖੇ ਮਨਾਇਆ ਗਿਆ ਸਲਾਨਾ ਸਮਾਗਮ ‘ਕਲਰਜ਼’ ਬੇਹੱਦ ਸ਼ਾਨਦਾਰ ਰਿਹਾ।ਸਕੂਲ਼ ਡਾਇਰੈਕਟਰ ਕੁਲਜੀਤ ਸਿੰਘ ਬਾਠ, ਸ੍ਰੀਮਤੀ ਕੁਲਵੰਤ ਕੌਰ ਬਾਠ ਤੇ ਸਕੂਲ਼ ਪਿ੍ਰੰ: ਸ੍ਰੀਮਤੀ ਰਿਤੂ ਖਨੇਜਾ ਨੇ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਉਪਰੰਤ ਨਰਸਰੀ ਤੋਂ ਲੈ ਕੇ ਯੂ.ਕੇ.ਜ਼ੀ. ਤੱਕ ਦੇ ਬੱਚਿਆ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਵੱਖ-ਵੱਖ ਰੰਗਾਂ ਦੀ ਡਰੈਸਾਂ ‘ਚ ਸਜੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਜਿੱਥੇ ਕਈ ਤਰ੍ਹਾਂ ਦੇ ਥੀਮਾਂ ਨੂੰ ਆਧਾਰ ਬਣਾ ਕੇ ਚੁਣੇ ਗਾਣਿਆਂ ‘ਤੇ ਬੇਹੱਦ ਖੂਬਸੂਰਤ ਅੰਦਾਜ਼ ‘ਚ ਡਾਂਸ ਕੀਤਾ,ਉੱਥੇ ਹੀ ਉਨ੍ਹਾਂ ਵੱਲੋਂ ਦੇਸ਼ ਭਗਤੀ, ਬਾਲ ਮਜ਼ਦੂਰੀ ਨੂੰ ਰੋਕਣ ਤੇ ਰੁੱਖਾਂ ਨੂੰ ਨਾ ਕੱਟਣ ਦੇ ਦਿੱਤੇ ਗਏ ਮਾਸੂਮੀਅਤ ਭਰੇ ਸੰਦੇਸ਼ਾਂ ਨੇ ਪੰਡਾਲ ‘ਚ ਹਾਜ਼ਰ ਦਰਸ਼ਕਾਂ ਨੂੰ ਬਹੁਤ ਆਕਰਸ਼ਿਤ ਕੀਤਾ।ਇਸ ਮੌਕੇ ਹੋਏ ਇਨਾਮ ਵੰਡ ਸਮਾਗਮ ਦੌਰਾਨ 10ਵੀਂ ਤੇ 12ਵੀਂ ਕਲਾਸ ‘ਚੋਂ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਦੇ ਤੌਰ ‘ਤੇ 3500/- ਤੋਂ 10000/- ਰੁ. ਦੇ ਚੈੱਕ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ।ਸਮਾਗਮ ਦੀ ਸਮਾਪਤੀ ਮੌਕੇ ਸਕੂਲ਼ ਪਿ੍ਰੰ. ਸ੍ਰੀਮਤੀ ਰਿਤੂ ਖਨੇਜਾ ਨੇ ਆਏ ਹੋਏ ਸਾਰੇ ਮਹਿਮਾਨਾਂ ਤੇ ਮਾਪਿਆਂ ਦੀ ਤਹਿ ਦਿਲੋਂ ਧੰਨਵਾਦ ਕਰਦਿਆਂ ਸਕੂਲ਼ ਸਟਾਫ ਤੇ ਬੱਚਿਆਂ ਦੀ ਖੂਬ ਪ੍ਰਸ਼ੰਸਾ ਕੀਤੀ, ਜਿੰਨ੍ਹਾਂ ਦੀ ਲਗਨ ਤੇ ਮਿਹਨਤ ਸਦਕਾ ਸਮਾਗਮ ਪੂਰੀ ਤਰ੍ਹਾਂ ਸਫਲ ਰਿਹਾ।

Punjab Post Daily Online Newspaper & Print Media