Sunday, December 22, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਕੋਸਟਾ ਰਿਕਾ ਅਤੇ ਪੰਜਾਬੀ ਸੱਭਿਆਚਾਰ ਦੀ ਅਦਭੁੱਤ ਪੇਸ਼ਕਾਰੀ

 ‘7ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਹੋਇਆ ਸਮਾਗਮ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਰਾਸਤੀ ਕੈਂਪਸ ’ਚ PPN1702201810ਕੋਸਟਾ ਰਿਕਾ ਦੇ ਡਾਂਸ ਗਰੁੱਪ ‘ਇੰਸਪਾਇਰੇਸ਼ੀਅਨ ਕੋਸਟਾ ਰਿਸੇਸੀਅਸ’ ਵੱਲੋਂ ਆਪਣੇ ਮੁਲਕ ਦੇ ਰਵਾਇਤੀ ਨਾਚ ਅਤੇ ਮੌਸੀਕੀ ਦੀ ਅਦਭੁੱਤ ਪੇਸ਼ਕਾਰੀ ਪ੍ਰਸਤੁਤ ਕੀਤੀ ਗਈ।ਜਿਸ ਦੌਰਾਨ ਕੈਰੀਬੀਅਨ ਅਤੇ ਪੰਜਾਬੀ ਸੱਭਿਆਚਾਰ ਦੇ ਸੁਮੇਲ ਦਾ ਇਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ।ਵਿਦੇਸ਼ ਤੋਂ ਆਏ ਕਲਾਕਾਰਾਂ ਨੇ ਆਪਣੇ ਦੇਸ਼ ਦੇ ਵਿਰਸੇ ਨੂੰ ਦਰਸਾਉਂਦੇ ਵੱਖ-ਵੱਖ ਨਾਚ ਪੇਸ਼ ਕਰਦਿਆਂ ਉਥੋਂ ਦੇ ਰੋਜ਼ਮਰ੍ਹਾ ਦੇ ਜੀਵਨ ਅਤੇ ਖੁਸ਼ੀਆਂ ਦੀ ਝਾਤ ਪ੍ਰਤੱਖ ਕੀਤੀ।
ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ ਅਤੇ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਐਜ਼ੂਕੇਸ਼ਨ ਕਾਲਜ ਵਿਖੇ ‘7ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਮੇਲੇ ਦੌਰਾਨ ਕੋਸਟਾ ਰਿਕਾ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਰਵਾਇਤੀ ਰੰਗ-ਬਿਰੰਗੀਆਂ ਪੁਸ਼ਾਕਾਂ ’ਚ ਖਿੱਤੇ ਨਾਲ ਸਬੰਧਿਤ ਲੋਕ ਨਾਚਾਂ ਅਤੇ ਲੋਕ ਰਵਾਇਤਾਂ ਨੂੰ ਸੁਨਹਿਰੀ ਢੰਗ ਨਾਲ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।ਵਿਦੇਸ਼ੀ ਕਲਾਕਾਰਾਂ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਵਿਦੇਸ਼ੀ ਕਲਾਕਾਰਾਂ ਨੇ ਜਿੱਥੇ ਆਪਣੇ ਵਿਰਾਸਤੀ ਡਾਂਸ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ, ਉਥੇ ਪੰਜਾਬੀ ਵਿਦਿਆਰਥੀਆਂ ਨੇ ਗਿੱਧਾ, ਭੰਗੜੇ ਨਾਲ ਸਰੋਤਿਆਂ ਨਾਲ-ਨਾਲ ਵਿਦੇਸ਼ੀ ਕਲਾਕਾਰਾਂ ਨੂੰ ਵੀ ਝੂਮਣ ’ਤੇ ਮਜ਼ਬੂਰ ਕਰ ਦਿੱਤਾ।
ਕੋਸਟਾ ਰਿਕਾ ਦੇ ਉਕਤ 16 ਵਫ਼ਦੀ ਗਰੁੱਪ ਜਿਨ੍ਹਾਂ ’ਚ ਪੀਟਰ ਚਿੰਨਚਿਲਾ ਕਿਉਸਾਡਾ, ਜੁਨ ਕਾਰਲਸ ਅਬਾਰਕਾ ਵਿਲਾਲੋਬੋਸ, ਕਾਰਲਸ ਉਗੁਸਤੋ ਐਕੂਨਾ ਜੁਨੀਗਾ, ਆਸਕਰ ਅਰੀਅਸ ਸੰਚੇਜ, ਰੈਂਡਲ ਮੋਰਾ ਰੋਜਸ, ਐਲਮਰ ਬਰੀਨਸ ਗੁਜਮੈਨ, ਡੇਨੀਅਲ ਐਨਰਿਕ ਹਰਨੈਂਡਜ ਬਰੀਨਸ, ਪੈਟਰੀਸੀਆ ਸੋਟੋ ਰੇਮੋਸ, ਡਾਈਨਾ ਪਮੇਲਾ ਲੋਪੇਜ ਰੂਜ, ਸੋਫੀਆ ਏਲਾਨਾ ਐਸਟਲੇ ਰਿਚਮੋਂਡ, ਮਾਰੀਆ ਗਾਬਰੀਲਾ ਪਾਈਡਰਾ ਅਮਾਡੋਰ, ਕੈਂਡੀ ਮਾਰਟਿੰਨਜ ਗੁਟਾਈਰਜ, ਲਾਓਰਾ ਰਮੀਰੇਜ ਕੇਮਪੋਸ, ਮਾਰੀਆ ਫਰਨਾਂਡਾ ਕੁਬੇਰੋ ਬਾਰਬੋਜਾ, ਲੋਰੇਨਾ ਕਮਾਚੋ ਬਲੈਂਕੋ, ਪਿਲਰ ਟੋਰਿਸ ਵਿਲੇਗਾਸ ਆਦਿ ਮੈਂਬਰ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਅੱਜ ਪਹਿਲੀ ਵਾਰ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ।
ਮੁੱਖ ਮਹਿਮਾਨ ਵਜੋਂ ਫ਼ੈਸਟੀਵਲ ਦੇ ਚੇਅਰਮੈਨ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਕਿਹਾ ਕਿ ਫ਼ੈਸਟੀਵਲ ਡਾਇਰੈਕਟਰ ਡਾ. ਦਵਿੰਦਰ ਸਿੰਘ ਛੀਨਾ ਦੀ ਨਿਰਦੇਸ਼ਨਾ ਹੇਠ ਕਰਵਾਏ ਗਏ ਇਸ ਫ਼ੈਸਟੀਵਲ ਦੌਰਾਨ ਉਕਤ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੇ ਸੱਭਿਆਚਾਰ ਬਾਰੇ ਪਤਾ ਲੱਗਾ ਹੈ ਅਤੇ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਦੂਜੇ ਦੇਸ਼ਾਂ ਤੋਂ ਆਏ ਹੋਏ ਕਲਾਕਾਰ ਆਪਣੇ ਨਾਲ ਲੈ ਕੇ ਜਾਣਗੇ, ਜਿਸ ਨਾਲ ਪੰਜਾਬ ਦੇ ਸੱਭਿਆਚਾਰ ਦੀ ਵਿਸ਼ਵ ਪੱਧਰ ’ਤੇ ਹੋਰ ਪ੍ਰਸਿੱਧੀ ਵਧੇਗੀ।
ਉਕਤ ਵਿਦੇਸ਼ੀ ਕਲਕਾਰ ਮੁੰਡੇ-ਕੁੜੀਆਂ ਨੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨਾਲ ਭੰਗੜਾ ਪਾ ਕੇ ਚਾਅ ਲਾਇਆ।ਕੌਂਸਲ ਦੇ ਆਨਰੇਰੀ ਸਕੱਤਰ ਛੀਨਾ ਜੋ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਤੇ ਸੱਭਿਆਚਾਰਾਂ ਨੂੰ ਇਕ ਸਟੇਜ ’ਤੇ ਲਿਆਉਣ ਦਾ ਹੀਲਾ ਹੁੰਦੇ ਹਨ।ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਇਕ ਪਿੰਡ ਦੇ ਤੌਰ ’ਤੇ ਉਭਰ ਕੇ ਸਾਹਮਣੇ ਆ ਰਹੀ ਹੈ, ਜਿਸ ’ਚ ਇਕ-ਦੂਜੇ ਦੇ ਸੱਭਿਆਚਾਰਾਂ ਨੂੰ ਸਮਝਣਾ ਅਤਿ ਜਰੂਰੀ ਹੁੰਦਾ ਹੈ।
ਡਾ. ਦਵਿੰਦਰ ਸਿੰਘ ਛੀਨਾ ਨੇ ‘7ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ’ ਨੂੰ ਵਿਸ਼ਵ ਸੱਭਿਆਚਾਰਾਂ ਦਾ ਸੰਗਮ ਕਰਾਰ ਦਿੱਤਾ।ਆਨਰੇਰੀ ਸਕੱਤਰ ਛੀਨਾ ਨੇ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨਾਲ ਮਿਲ ਕੇ ਉਕਤ ਵਿਦੇਸ਼ੀ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ।ਇਸ ਤੋਂ ਪਹਿਲਾਂ ਪ੍ਰਿੰ: ਡਾ. ਢਿੱਲੋਂ ਨੇ ਆਏ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਹੈਰੀਟੇਜ ਐਵਾਰਡ ਨਾਲ ਕੌਂਸਲ ਦੇ ਮੈਂਬਰ ਗੁਰਮਹਿੰਦਰ ਸਿੰਘ, ਅਜੀਤ ਤੋਂ ਇੰਚਾਰਜ਼ ਜਸਵੰਤ ਸਿੰਘ ਜੱਸ, ਪੰਜਾਬ ਸਰਕਾਰ ਦੇ ਡਿਪਟੀ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਭੱਟੀ ਅਤੇ ਸਰਬਜੀਤ ਸਿੰਘ ਨੂੰ ਉਨ੍ਹਾਂ ਦੁਆਰਾ ਖ਼ਾਲਸਾ ਕਾਲਜ ਵਿਰਾਸਤ ਨੂੰ ਪ੍ਰਫ਼ੁਲਿੱਤ ਕਰਨ ਲਈ ਸਨਮਾਨਿਤ ਕੀਤਾ ਗਿਆ।
ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਮੇਲਾ ਇਸ ਕੜੀ ’ਚ ਆਯੋਜਿਤ ਹੋਣ ਵਾਲੇ ਮੇਲਿਆਂ ’ਚੋਂ 7ਵਾਂ ਸੀ, ਜਿਸ ’ਚ ਪਹਿਲਾਂ ਵੀ ਸਕਾਟਲੈਂਡ, ਹੰਗਰੀ, ਐਕਵਾਡੋਰ ਅਤੇ ਸਲਵਾਕੀਆ, ਮੈਕਸੀਕੋ ਆਦਿ ਤੋਂ ਆਏ ਹੋਏ ਕਲਾਕਾਰਾਂ ਨੇ ਖ਼ਾਲਸਾ ਕਾਲਜ ਵਿਖੇ ਆਪਣੀਆਂ ਪੇਸ਼ਕਾਰੀਆਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕੋਸਟਾ ਰੀਕਾ ਕਲਾਕਾਰਾਂ ਨੂੰ ਅੰਮ੍ਰਿਤਸਰ ’ਚ ਆ ਕੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਨੂੰ ਵੇਖਣ ਅਤੇ ਪ੍ਰਰਖਣ ਦਾ ਇਹ ਮੌਕਾ ਸੀ। ਡਾ. ਛੀਨਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਫ਼ੈਸਟੀਵਲ ਦਾ ਮਕਸਦ ਖ਼ਾਲਸਾ ਕਾਲਜ ਦੀ ਅਮੀਰ ਵਿਰਾਸਤ ਨੂੰ ਦੁਨੀਆ ਭਰ ਦੀਆਂ ਕੌਮਾਂ ਅਤੇ ਸੱਭਿਆਚਾਰ ਤੱਕ ਪਹੁੰਚਾਉਣਾ ਹੈ ਅਤੇ ਵਿਸ਼ਵ ਸ਼ਾਂਤੀ, ਮਲਟੀਕਲਚਰਰਿਜ਼ਮ ਦਾ ਹੋਕਾ ਦੇਣਾ ਹੈ।
ਇਸ ਮੌਕੇ ਕੌਂਸਲ ਦੇ ਵਧੀਕ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸੁਖਦੇਵ ਸਿੰਘ ਅਬਦਾਲ, ਸਰਦੂਲ ਸਿੰਘ ਮੰਨਨ, ਨਿਰਮਲ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫ਼ਾਰ ਵੂਮੈਨ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਨੀਲਮ ਹੰਸ, ਪ੍ਰਿੰ: ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ ਤੋਂ ਇਲਾਵਾ ਹੋਰਨਾਂ ’ਚ ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਮਨਿੰਦਰ ਕੌਰ, ਦੀਪਿਕਾ ਸਮੂੰਹ ਕਾਲਜ ਸਟਾਫ਼ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply