ਕਲੇਰ `ਚ ਫੇਰੂਮਾਨ ਪਬਲਿਕ ਸਕੂਲ ਤੇ ਕਿੱਤਾ ਮੁੱਖੀ ਕੇਂਦਰ ਦਾ ਰੱਖਿਆ ਨੀਂਹ ਪੱਥਰ
ਜੰਡਿਆਲਾ, 10 ਜੂਨ (ਪੰਜਾਬ ਪੋਸਟ -ਹਰਿੰਦਰ ਪਾਲ ਸਿੰਘ) – ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸੁਖਬਿੰਦਰ ਸਿੰਘ ਸਰਕਾਰੀਆ ਮਾਲ ਮੰਤਰੀ ਪੰਜਾਬ ਨੇ ਰੱਖਿਆ।
ਸਰਕਾਰੀਆ ਨੇ ਇਸ ਸਮੇਂ ਬੋਲਦਿਆ ਕਿਹਾ ਕਿ ਅਸੀਂ ਸਿਖਿਆ ਦੇ ਖੇਤਰ ਵਿੱਚ ਬਹੁਤ ਪਿਛੇ ਹਾਂ ਕਿਉਂਕਿ ਪਿਛਲੇ 10 ਸਾਲਾਂ ਦੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿਖਿਆ ਦੇ ਖੇਤਰ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਸਿਖਿਆ ਸਾਡਾ ਅਸਲ ਖਜਾਨਾ ਹੈ ਜਿਸ ਕੋਲ ਸਿਖਿਆ ਦਾ ਖਜਾਨਾ ਹੁੰਦਾ ਹੈ ਉਹ ਕਦੇ ਵੀ ਨਾਕਾਮਯਾਬ ਨਹੀਂ ਹੋ ਸਕਦਾ।ਉਨ੍ਹਾਂ ਨੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨਕਲ ਦੀ ਪ੍ਰਥਾ ਬਹੁਤ ਮਾੜੀ ਹੈ ਅਤੇ ਸਾਨੂੰ ਸਭ ਨੂੰ ਮਿਲ ਕੇ ਇਮਤਿਹਾਨਾਂ ਵਿੱਚ ਨਕਲ ਦੀ ਬੁਰਾਈ ਨੂੰ ਰੋਕਣਾ ਚਾਹੀਦਾ ਹੈ।ਅਧਿਆਪਕਾਂ ਦੀ ਘਾਟ ਬਾਰੇ ਗੱਲ ਕਰਦਿਆਂ ੍ਰ ਸਰਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਜਿੰਨਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਉਨ੍ਹਾਂ ਸਕੂਲਾਂ ਨੂੰ ਦੂਜੇ ਸਕੂਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ। 
ਸਰਕਾਰੀਆ ਨੇ ਕਿਹਾ ਕਿ ਇਸ ਖੇਤਰ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸਕੂਲ ਖੋਲਣਾ ਬਹੁਤ ਹੀ ਸ਼ਲਾਘਾਯੋਗ ਹੈ।ਇਨ੍ਹਾਂ ਦੇ ਇਸ ਉਦਮ ਨਾਲ ਪੇਂਡੂ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਮੁਹੱਈਆ ਹੋਵੇਗੀ।ਸਰਕਾਰੀਆ ਨੇ ਕਿਹਾ ਕਿ ਇਸ ਸਕੂਲ ਵਿੱਚ ਕਿੱਤਾਮੁਖੀ ਕੋਰਸ ਵੀ ਕਰਵਾਏ ਜਾਣਗੇ ਤਾਂ ਜੋ ਬੱਚੇ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਪੈਰਾ ਤੇ ਖੜੇ ਹੋ ਸਕਣ।ਮਾਲ ਮੰਤਰੀ ਨੇ ਕਿਹਾ ਕਿ ਜਲਦ ਹੀ ਚੋਗਾਵਾਂ ਵਿਖੇ ਲੜਕੀਆਂ ਦਾ ਸਰਕਾਰੀ ਕਾਲਜ ਖੋਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਸਿਹਤ ਸੇਵਾਵਾਂ ਅਤੇ ਸਿਖਿਆ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਪ੍ਰਧਾਨ ਪ੍ਰੋ: ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਸਕੂਲ ਦਾ ਨੀਂਹ ਪੱਥਰ ਸਰਕਾਰੀਆ ਵੱਲੋਂ ਰੱਖਿਆ ਗਿਆ ਹੈ।ਇਹ ਸੰਸਥਾ ਬੱਚਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ।ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਆਪਣਾ ਪਹਿਲਾ ਕਾਲਜ 1974 ਵਿੱਚ ਰਈਆ ਵਿਖੇ ਖੋਲਿਆ ਗਿਆ ਸੀ ਅਤੇ ਇਸ ਸੰਸਥਾ ਦੀਆਂ ਕਈ ਹੋਰ ਵੀ ਬਰਾਂਚਾਂ ਖੁੱਲ ਚੁੱਕੀਆਂ ਹਨ ਅਤੇ ਛੇਤੀ ਹੀ ਟਾਂਗਰਾ ਵਿਖੇ ਨਵਾਂ ਸਕੂਲ ਖੋਲਿਆ ਜਾਵੇਗਾ।ਸੇਖੋਂ ਨੇ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ।
ਕੰਵਲਜੀਤ ਸਿੰਘ ਲਾਲੀ ਸਾਬਕਾ ਵਿਧਾਇਕ ਅਤੇ ਉਪ ਪ੍ਰਧਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਨੇ ਕਿਹਾ ਕਿ ਇਹ ਸਕੂਲ ਉਸ ਸ਼ਹੀਦ ਦੀ ਯਾਦ ਵਿੱਚ ਖੋਲਿਆ ਜਾ ਰਿਹਾ ਹੈ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਲਈ ਬਹੁਤ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਤਕਨੀਕੀ ਕੋਰਸ ਵੀ ਕਰਵਾਏ ਜਾਣਗੇ।
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਵੱਲੋਂ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਐਸ.ਡੀ.ਐਮ ਅਜਨਾਲਾ ਰਜਤ ਓਬਰਾਏ, ਦਿਲਰਾਜ ਸਿੰਘ ਸਰਕਾਰੀਆ, ਕਸ਼ਮੀਰ ਸਿੰਘ ਖਿਆਲਾ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਦੇ ਮੈਂਬਰ ਜੇ.ਐਸ.ਵਾਲੀਆ ਅਤੇ ਸਤੀਸ਼ ਭੰਡਾਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media