ਅੰਮ੍ਰਿਤਸਰ, 10 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਕੌਮ ਦੀ ਨਵੀਂ ਪਨੀਰੀ ਨੂੰ ਸਿੱਖੀ ਵਿੱਚ ਪਰਪੱਕ ਕਰਨ ਅਤੇ ਗੁਰਮਤਿ ਸਿਧਾਂਤਾਂ ਦੀ ਸਿੱਖਿਆ ਦੇਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਿਰਜਣਾ ਕੈਂਪ 6 ਤੋਂ 9 ਜੂਨ ਤੱਕ ਆਯੋਜਿਤ ਕੀਤਾ ਗਿਆ।
ਇਸ ਕੈਂਪ ਦੇ ਸਮਾਪਤੀ ਸਮਾਗਮ ਵਿੱਚ ਚੀਫ ਖਾਲਸਾ ਦੀਵਾਨ ਦੇੇ ਮੀਤ ਪ੍ਰਧਾਨ ਸਰਬਜੀਤ ਸਿੰਘ, ਆਨਰੇਰੀ ਸਕੱਤਰ ਸਕੂਲਜ਼ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਅਤੇ ਜੀ.ਟੀ ਰੋਡ ਬ੍ਰਾਂਚ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ, ਤਰਨਤਾਰਨ ਬ੍ਰਾਂਚ ਦੇ ਮੈਂਬਰ ਇੰਚਾਰਜ ਕੁਲਜੀਤ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰੋ. ਹਰੀ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਕੈਂਪ ਦੇ ਵਿਚਾਰ ਚਰਚਾ ਸੈਸ਼ਨ ਵਿੱਚ ‘ਗੁਰੂ ਨਾਨਕ ਸਾਹਿਬ ਜੀ ਦਾ ਜੀਵਨ’, ‘ਸਿੱਧ ਗੋਸ਼ਟਿ’, ‘ਜਪੁ ਜੀ ਸਾਹਿਬ ਦੀ ਸੰਥਿਆ’, ‘ਸਮਾਜਿਕ ਕਦਰਾਂ-ਕੀਮਤਾਂ’, ‘ਵਾਤਾਵਰਣ ਦੀ ਸੰਭਾਲ’, ‘ਸੰਤੁਲਿਤ ਭੋਜਨ ਅਤੇ ਸਿਹਤਮੰਦ ਜੀਵਨ’ ਆਦਿ ਵਿਸ਼ਿਆਂ ਬਾਰੇ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਸਕਾਰਾਤਮਕ ਸੋਚ ਦੇ ਹਾਣੀ ਬਣਨ ਲਈ ਪ੍ਰੇਰਿਤ ਕੀਤਾ ਗਿਆ।ਹਾਜ਼ਰ ਬੱਚਿਆਂ ਨੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਉਹ ਭਾਗਾਂ ਵਾਲੇ ਹਾਂ ਜੋ ਇਸ ਕੈਂਪ ਵਿੱਚ ਭਾਗ ਲੈਣ ਅਤੇ ਸਿੱਖ ਧਰਮ ਅਤੇ ਜੀਵਨ-ਜਾਚ ਪ੍ਰਤੀ ਬੇਸ਼ਕੀਮਤੀ ਜਾਣਕਾਰੀ ਮਿਲੀ ਹੈ।
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਤੇ ਸਮਾਗਮ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਚੇ ਆਪਣੇ ਅੰਦਰ ਦੇ ਸ਼ੁਭ ਗੁਣਾਂ ਨੂੰ ਪਛਾਣਨ, ਚੰਗਾ ਸਿੱਖਣ ਅਤੇ ਚੰਗਾ ਸਿਖਾਉਣ।ਉਨਾਂ੍ਹ ਬੱਚਿਆਂ ਨੂੰ ਖੁਦ ਧਰਮ ਵਿੱਚ ਪਰਪੱਕ ਹੋਣ ਅਤੇ ਸਿੱਖੀ ਹੋਰਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ।ਕੈਂਪ ਦੇ ਅੰਤ ਵਿੱਚ ਬੱਚਿਆਂ ਨੇ ਅਹਿਦ ਲਿਆ ਕਿ ਉਹ ਕਦੇ ਵੀ ਸਿੱਖੀ ਤੋਂ ਮੁਨਕਰ ਨਹੀਂ ਹੋਣਗੇ ਅਤੇ ਆਪਣੇ ਪਰਿਵਾਰ ਅਤੇ ਸਾਥੀਆਂ ਨੂੰ ਗੁਰਬਾਣੀ ਪੜ੍ਹਨ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਿਤ ਕਰਨਗੇ।ਇਸ ਸਮੇਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਸੰਤੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਵੀ ਇਸ ਮੌਕੇ ਹਾਜ਼ਰ ਸਨ।