ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਟਿਆਲਾ ਦੇ ਸਨੌਰ ਵਿਚ ਸਿੱਖ ਨੌਜਵਾਨਾਂ ਦੀ
ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦਾ ਸਖਤ ਨੋਟਿਸ ਲਿਆ ਹੈ।ਜਾਰੀ ਇੱਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਗੁਰਦੁਆਰਾ ਸਾਹਿਬ ਜਾ ਰਹੇ ਸਿੱਖ ਨੌਜਵਾਨਾਂ ਨੂੰ ਬਿਨ੍ਹਾਂ ਕਾਰਨ ਤੰਗ ਪ੍ਰੇਸ਼ਾਨ ਕਰਨਾ ਅਤੇ ਬੇਰਹਿਮੀ ਨਾਲ ਕੁੱਟਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਇਸ ਘਟਨਾ ਦੇ ਦੋਸ਼ੀ ਪੁਲਿਸ ਮੁਲਾਜਮ ਬਖਸ਼ੇ ਨਹੀਂ ਜਾਣੇ ਚਾਹੀਦੇ।ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਨਾ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਸਲੇ ਵਿਚ ਕੁਟਮਾਰ ਬਿਲਕੁਲ ਗਲਤ ਗੱਲ ਹੈ ਅਤੇ ਪੁਲਿਸ ਮੁਲਾਜਮਾਂ ਨੇ ਅਜਿਹਾ ਕਰਕੇ ਪੁਲਿਸ ਦੇ ਲੋਕਾਂ ਦੀ ਸੇਵਾ ਵਾਲੇ ਅਕਸ ਨੂੰ ਦਾਗਦਾਰ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਭਾਵੇਂ ਇਸ ਦੇ ਦੋਸ਼ੀ ਮੁਲਾਜਮ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਇਹ ਕਾਫੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀ ਪੁਲਿਸ ਮੁਲਾਜਮਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਨੌਜਵਾਨਾਂ ਨੂੰ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਨੌਜਵਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਝਾਰਖੰਡ ਵਿਚ ਇਕ ਪੰਜਾਬੀ ਟਰੱਕ ਡਰਾਇਵਰ ਸ. ਜੋਗਾ ਸਿੰਘ ਨੂੰ ਨਕਸਲੀਆਂ ਵੱਲੋਂ ਮਾਰ ਦੇਣ ਅਤੇ ਉਸ ਦੇ ਟਰੱਕ ਨੂੰ ਅੱਗ ਲਗਾ ਕੇ ਸਾੜਨ ਦੀ ਵੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੂਬੇ ਦੀ ਸਰਕਾਰ ਨੂੰ ਲਿਖਿਆ ਜਾਵੇਗਾ ਤਾਂ ਜੋ ਦੋਸ਼ੀਆਂ ਦਾ ਪਤਾ ਗੱਲ ਸਕੇ।ਉਨ੍ਹਾਂ ਕਿਹਾ ਕਿ ਸਿੱਖਾਂ ਤੇ ਅਜਿਹੇ ਹਮਲੇ ਮੰਗਭਾਗੇ ਹਨ ਅਤੇ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਖਤ ਹੋਣਾ ਚਾਹੀਦਾ ਹੈ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media