ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਕੇਰਲ ਵਿਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਿੱਖਾਂ ਦੀ ਪ੍ਰਤੀਨਿਧ
ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵਲੋਂ ਅੱਜ ਅੰਤ੍ਰਿੰਗ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਭਾਈ ਮਨਜੀਤ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਰਾਜਿੰਦਰ ਸਿੰਘ ਮਹਿਤਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਂਝੇ ਤੌਰ ’ਤੇ ਕੇਰਲ ਲਈ ਰਾਹਤ ਟੀਮ ਰਵਾਨਾ ਕੀਤੀ।ਰਾਹਤ ਸਮੱਗਰੀ ਸਮੇਤ ਕੇਰਲਾ ਲਈ ਭੇਜੀ ਗਈ ਟੀਮ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਵਧੀਕ ਮੈਨੇਜਰ ਸੁਖਬੀਰ ਸਿੰਘ ਤੇ ਹਰਪ੍ਰੀਤ ਸਿੰਘ ਸਮੇਤ 35 ਦੇ ਕਰੀਬ ਮੁਲਾਜਮ ਸ਼ਾਮਲ ਹਨ।
ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਦਰਤੀ ਆਫਤਾਂ ਸਮੇਂ ਹਮੇਸ਼ਾਂ ਹੀ ਦੁਖੀ ਲੋਕਾਂ ਦੀ ਮੱਦਦ ਕਰਦੀ ਰਹੀ ਹੈ ਅਤੇ ਇਸੇ ਤਹਿਤ ਹੀ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੇਰਲਾ ’ਚ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੇਰਲਾ ਵਿਚ ਵੱਖ ਵੱਖ ਥਾਵਾਂ ’ਤੇ ਰਾਹਤ ਕੈਂਪ ਲਗਾਏ ਜਾਣਗੇ ਅਤੇ ਪੀੜਤਾਂ ਲਈ ਲੰਗਰ, ਬਸਤਰ ਅਤੇ ਮੁਢਲੀਆਂ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਡਾ. ਰੂਪ ਸਿੰਘ ਅਨੁਸਾਰ ਬੇਸ਼ੱਕ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕੈਂਪਾਂ ਵਿਚ ਹੀ ਲੰਗਰ ਤਿਆਰ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ, ਪਰ ਲੰਗਰ ਲਈ ਲੋੜੀਂਦਾ ਸਮਾਨ ਇਥੋਂ ਹੀ ਭੇਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਅੱਜ ਭੇਜੇ ਗਏ ਸਮਾਨ ਵਿਚ ਆਟਾ, ਖੰਡ, ਸੁੱਕਾ ਦੁੱਧ, ਦਾਲਾਂ, ਚੌਲ, ਮਸਾਲੇ, ਸਾਬਣ, ਪੇਸਟ ਤੇ ਟੁੱਥ ਬੁਰਸ਼ ਆਦਿ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਦੀਵਾਈਆਂ ਵੀ ਭੇਜੀਆਂ ਗਈਆਂ ਹਨ।ਉਨ੍ਹਾਂ ਲਗਾਏ ਜਾਣ ਵਾਲੇ ਕੈਂਪਾਂ ਬਾਰੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਾਰਜ ਲਈ ਬੰਗਲੌਰ ਦੀ ਸ੍ਰੀ ਗੁਰੂ ਸਿੰਘ ਸਭਾ ਦੀ ਸਹਾਇਤਾ ਲਈ ਜਾਵੇਗੀ ਅਤੇ ਇਸ ਤੋਂ ਇਲਾਵਾ ਕੇਰਲਾ ਦੇ ਕੋਚੀ ਤੇ ਕੋਇੰਮਬਟੂਰ ਵਿਖੇ ਮੁੱਖ ਰਾਹਤ ਕੇਂਦਰ ਬਣਾਏ ਜਾਣਗੇ। ਇਨ੍ਹਾਂ ਕੇਂਦਰਾਂ ਤੋਂ ਹੀ ਪ੍ਰਭਾਵਿਤ ਇਲਾਕਿਆਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਇਹ ਵੀ ਦੱਸਿਆ ਕਿ ਰਾਹਤ ਸੇਵਾਵਾਂ ਲਈ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਅਤੇ ਜਦੋਂ ਤੱਕ ਲੋੜ ਰਹੇਗੀ ਸ਼੍ਰੋਮਣੀ ਕਮੇਟੀ ਦੇ ਰਾਹਤ ਕੈਂਪ ਓਨਾ ਚਿਰ ਜਾਰੀ ਰਹਿਣਗੇ। ਡਾ. ਰੂਪ ਸਿੰਘ ਅਨੁਸਾਰ ਸੰਗਤਾਂ ਨੂੰ ਰਾਹਤ ਕਾਰਜਾਂ ਦਾ ਹਿੱਸਾ ਬਣਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ ’ਤੇ ਵੱਖ-ਵੱਖ ਕੇਂਦਰ ਨਿਰਧਾਰਤ ਕੀਤੇ ਗਏ ਹਨ।ਜਿਨ੍ਹਾਂ ਵਿਚ ਭਾਈ ਗੁਰਦਾਸ ਹਾਲ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, ਗੁਰਦੁਆਰਾ ਸ੍ਰੀ ਨਾਢਾ ਸਾਹਿਬ ਪੰਚਕੂਲਾ ਹਰਿਆਣਾ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਹਰਿਆਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਖੇ ਸੰਗਤਾਂ ਰਾਹਤ ਸਮੱਗਰੀ ਭੇਜ ਸਕਦੀਆਂ ਹਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media