ਅਧਿਆਪਕਾਂ ਨੂੰ ਘੱਟ ਤਨਖਾਹ ਤੇ ਕੰਮ ਕਰਨ ਲਈ ਕੀਤਾ ਜਾ ਰਿਹਾ ਹੈ ਮਜ਼ਬੂਰ- ਰਾਜਿੰਦਰ ਕੋਟਾਲਾ
ਸਮਰਾਲਾ, 20 ਨਵੰਬਰ (ਪੰਜਾਬ ਪੋਸਟ – ਕੰਗ) – ਐਸ.ਐਸ.ਏ ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਇਕਾਈ ਸਮਰਾਲਾ ਦੇ ਅਧਿਆਪਕਾਂ ਦੀ ਅਹਿਮ ਮੀਟਿੰਗ ਸੂਬਾ ਮੀਤ ਪ੍ਰਧਾਨ ਰਾਜਵੀਰ ਸਮਰਾਲਾ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਿੰਦਰ ਮਾਣਕੀ ਨੇ ਦੱਸਿਆ ਕਿ ਐਸ.ਐਸ.ਰਮਸਾ ਅਧੀਨ ਪਿਛਲੇ ਦਸ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਅਤੇ ਸਾਂਝੇ ਅਧਿਆਪਕ ਮੋਰਚੇ ਪੰਜਾਬ ਦੀਆਂ ਮੰਗਾਂ ਨੂੰ ਹੱਲ ਨਾ ਕਰਨ ਦੇ ਖਿਲਾਫ ਹੁਣ ਸੰਘਰਸ਼ ਨੂੰ ਹੋਰ ਬਲ ਦੇਣ ਦਾ ਅਹਿਦ ਕੀਤਾ ਗਿਆ।ਮੀਟਿੰਗ ਵਿੱਚ ਪਿਛਲੇ ਸੰਘਰਸ਼ ਦੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਅਗਲੇ ਸੰਘਰਸ਼ ਦੀਆਂ ਤਿਆਰੀਆਂ ਵੱਜੋਂ ਪਿੰਡ ਪਿੰਡ ਤੋਂ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਰਾਜਿੰਦਰ ਸਿੰਘ ਕੋਟਾਲਾ ਨੇ ਦੱਸਿਆ ਕਿ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਪਿਛਲੇ 7 ਮਹੀਨਿਆਂ ਤੋਂ ਆਪਣੀਆਂ ਮੁੱਖ ਮੰਗਾਂ ਨੂੰ ਪੂਰਾ ਕਰਨ ਲਈ ਸੰਘਰਸ਼ ਚੱਲ ਰਿਹਾ ਹੈ।ਇਨ੍ਹਾਂ ਮੰਗਾਂ ਵਿੱਚ ਐਸ.ਐਸ.ਏ, ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਨ ਅਤੇ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ, ਬਦਲੀਆਂ, ਸਸਪੈਂਸ਼ਨਾਂ ਆਦਿ ਨੂੰ ਰੱਦ ਕਰਵਾਉਣ ਲਈ ਜੋਰਦਾਰ ਸੰਘਰਸ਼ ਵਿੱਢਿਆ ਹੋਇਆ ਹੈ।ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 7 ਅਕਤੂਬਰ ਤੋਂ ਪਟਿਆਲਾ ਵਿਖੇ ਲਗਾਤਾਰ ਪੱਕਾ ਮੋਰਚਾ ਲੱਗਿਆ ਹੋਇਆ।ਹਰ ਸ਼ਹਿਰ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਵਿਧਾਇਕਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।ਪਰ ਆਪਣੇ ਆਪ ਨੂੰ ਲੋਕਪੱਖੀ ਦੱਸਦੀ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ।ਪੰਜਾਬ ਸਰਕਾਰ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਕੇ ਸਕੂਲਾਂ ਦੇ ਨਿੱਜੀਕਰਨ ਦੇ ਰਾਹ ਤੁਰੀ ਹੋਈ ਹੈ।ਉਨ੍ਹਾਂ ਦੱਸਿਆ ਕਿ ਜੋ ਅਧਿਆਪਕ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਆਪਣੀ ਸੱਤਾ ਦੀ ਨਜ਼ਾਇਜ਼ ਵਰਤੋ ਕਰਕੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਲਈ ਹਰ ਸੰਭਵ ਕੋਸ਼ਿਸ਼ ਕਰਕੇ ਸੰਘਰਸ਼ ਨੂੰ ਦਬਾਉਣ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ।ਸਰਕਾਰ ਨੇ ਲੋਕਮਾਰੂ ਫੈਸਲੇ ਨੂੰ ਲਾਗੂ ਕਰਨ ਲਈ ਐਸ.ਐਸ.ਏ ਅਧਿਆਪਕਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਹਨ। 6 ਮਹੀਨਿਆਂ ਤੋਂ ਜਾਣਬੁੱਝ ਕੇ ਤਨਖਾਹਾਂ ਰੋਕੀ ਬੈਠੀ ਹੈ ਅਤੇ ਹੁਣ ਜਬਰੀ ਉਨ੍ਹਾਂ ਦੀ ਪੋਸਟਾਂ ਤੇ ਕਿਸੇ ਹੋਰ ਅਧਿਆਪਕ ਨੂੰ ਜੁਆਇਨ ਕਰਵਾਉਣ ਲਈ ਚਿੱਠੀਆਂ ਕੱਢੀਆਂ ਜਾ ਰਹੀਆਂ ਹਨ, ਪਰ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਨੇ ਅਹਿਦ ਲਿਆ ਕਿ ਉਹ ਪੰਜਾਬ ਸਰਕਾਰ ਦੀ ਇਸ ਜ਼ਬਰ ਜ਼ੁਲਮ ਦੀ ਨੀਤੀ ਅੱਗੇ ਬਿਲਕੁੱਲ ਵੀ ਨਹੀਂ ਝੁਕਣਗੇ ਅਤੇ ਅਗਲੇ ਕਰੜੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਗੇ।
ਇਸ ਮੀਟਿੰਗ ਵਿੱਚ ਮੈਡਮ ਨਵਨੀਤ ਕੌਰ, ਰਮਨੀਕ ਕੌਰ, ਸਵਰਨਜੀਤ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਗੀਤਾਂਜਲੀ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਦਿਨੇਸ਼ ਕੁਮਾਰ ਆਦਿ ਤੋਂ ਇਲਵਾ ਹੋਰ ਕਈ ਅਧਿਆਪਕ ਸਹਿਬਾਨ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …