ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਸਿੱਖ ਦਿਵਸ ਮਨਾਇਆ ਗਿਆ।ਇਸ ਸ਼ਹਾਦਤ ਨੂੰ ਯਾਦ ਕਰਦਿਆਂ ਭਲਾਈ ਕੇਂਦਰ ਵਿਖੇ ਸੰਗਤਾਂ ਨੇ ਵਾਹਿਗੁਰੂ ਜਾਪ ਦੀਆਂ ਹਾਜਰੀਆ ਲਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸੇ ਦੌਰਾਨ ਦੋ ਸਾਲ ਤੋਂ ਪੰਦਰਾਂ ਸਾਲ ਉਮਰ ਦੇ ਬੱਚਿਆਂ ਦਾ ਖਾਲਸਾਈ ਲਿਬਾਸ ਮੁਕਾਬਲਾ ਆਯੋਜਿਤ ਕੀਤਾ ਗਿਆ।ਸੰਗਤਾਂ ਨੇ ਖਾਲਸਈ ਬਾਣੇ `ਚ ਸੱਜੇ ਬੱਚਿਆਂ ਦਾ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ।ਭਾਈ ਅਮਨਦੀਪ ਸਿੰਘ, ਭਾਈ ਗੁਰਚਰਨ ਸਿੰਘ ਕਥਾ ਵਾਚਕ, ਭਾਈ ਤੇਜਪਾਲ ਸਿੰਘ, ਬੀਬੀ ਪਰਮਜੀਤ ਕੌਰ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਅੰਮ੍ਰਿਤਮਈ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਾਮਲ ਹੋਏ ਛੋਟੇ-ਛੋਟੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵਿਤਾ ਤੇ ਧਾਰਮਿਕ ਗੀਤ ਪੇਸ਼ ਕੀਤੇ।ਪੰਜ ਪਿਆਰਿਆਂ, ਦਸ ਗੁਰੂ ਸਾਹਿਬਾਨਾਂ ਅਤੇ ਸ਼ਹੀਦ ਸਿੰਘਾਂ ਦੇ ਨਾਮ ਅਤੇ ਗੁਰਬਾਣੀ ਸ਼ਬਦ ਜੁਬਾਨੀ ਸੰਗਤਾਂ ਨੂੰ ਸੁਣਾ ਕੇ ਬੱਚਿਆਂ ਨੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸੀਸ ਨਿਵਾਇਆ।ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਨੇ ਕਿਹਾ ਕਿ ਚਾਰ ਸਾਹਿਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਗਏ ਗੁਰਸਿੱਖ ਦਿਵਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੇ ਸਿੱਖੀ ਵਿਰਸੇ ਨਾਲ ਜੋੜਨਾ ਹੈ ਤਾ ਕਿ ਉਨਾਂ ਨੂੰ ਪਤਾ ਲੱਗ ਸਕੇ ਕਿ ਕਲਗੀਧਰ ਪਾਤਸ਼ਾਹ ਦੇ ਲਾਡਲੇ ਲਾਲਾਂ ਨੇ ਧਰਮ ਦੀ ਖਾਤਿਰ ਕਿਸ ਤਰ੍ਹਾਂ ਸ਼ਹੀਦੀਆਂ ਦਿੱਤੀਆਂ।ਭਾਈ ਸਾਹਿਬ ਨੇ ਮੁੁਕਬਾਲੇ `ਚ ਅੱਵਲ ਆਏ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਹਾਜ਼ਰ ਬੀਬੀਆਂ ਨੇ ਇਸ ਸਮੇਂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਦਾਤ ਕੇਸਾਂ ਨੂੰ ਢੱਕ ਕੇ ਰੱਖਣ ਦਾ ਪ੍ਰਣ ਵੀ ਕੀਤਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media