ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣਆਂ) – ਖਾਲਸਾ ਕਾਲਜ ਵਿਖੇ ‘ਪੌਦਿਆਂ ਦੇ ਨਾਮਾਂਕਰਣ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ
ਕਰਵਾਇਆ ਗਿਆ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਾਲਜ ਦੀ ਬੌਟੈਨੀਕਲ ਸੋਸਾਇਟੀ ਤੇ ਬੌਟਨੀ ਵਿਭਾਗ ਵਲੋਂ ਕਰਵਾਏ ਗਏ ਸੈਮੀਨਾਰ ’ਚ ਉਚੇਚੇ ਤੌਰ ’ਤੇ ਪੁੱਜੇ ਡਾ. ਅਮਰਜੀਤ ਸਿੰਘ ਸੂਦਨ, ਐਸੋਸੀਏਟ ਪ੍ਰੋਫ਼ੈਸਰ, ਬੌਟੈਨੀਕਲ ਐਂਡ ਐਨਵਾਇਰਮੈਂਟਲ ਸਾਇੰਸਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਪੌਦਿਆਂ ਦੇ ਨਾਮਾਂਕਰਣ’ ’ਤੇ ਭਾਸ਼ਣ ਦਿੱਤਾ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਜੀਵਨ ’ਚ ਪੌਦਿਆਂ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਾਹਿਤ ’ਚ ਪੌਦਿਆਂ ਦੀ ਭੂਮਿਕਾ ਬਾਰੇ ਚਰਚਾ ਕੀਤੀ।ਆਪਣੇ ਸੰਬੋਧਨ ’ਚ ਡਾ. ਸੂਦਨ ਨੇ ਵਿਗਿਆਨਿਕ ਨਾਂਵਾਂ ਦੀ ਮਹੱਤਤਾ ਅਤੇ ਜਰੂਰਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਨੇ ਵਿਗਿਆਨਿਕ ਨਾਮਾਂਕਰਣ ਅਤੇ ਅੰਤਰਰਾਸ਼ਟਰੀ ਕੋਡ ਆਫ਼ ਬੌਟੈਨੀਕਲ ਨਾਮਕਰਣ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਸ ਖੇਤਰ ’ਚ ਕੰਮ ਕਰ ਚੁੱਕੇ ਵਿਗਿਆਨੀਆਂ ਦੇ ਮਹੱਤਵਪੂਰਨ ਕੰਮ ਬਾਰੇ ਵੀ ਦੱਸਿਆ ਅਤੇ ਟੈਕਸੋਨਮੀ ਦੇ ਪਿਤਾ ਕਾਰਲੁਸ ਲਿਨੀਅਸ ਦੇ ਇਸ ਖੇਤਰ ’ਚ ਯੋਗਦਾਨ ਦੀ ਵੱਖਰੇ ਤੌਰ ’ਤੇ ਚਰਚਾ ਕੀਤੀ ਗਈ।
ਇਸ ਮੌਕੇ ‘ਪਲਾਂਟ ਟੈਕਸੋਨਮੀ’ ਵਿਸ਼ੇ ’ਤੇ ਰੰਗੋਲੀ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਜੈਵਿਕ ਰੰਗਾਂ ਅਤੇ ਪੌਦਿਆਂ ਦੇ ਸੁੱਕੇ ਹੋਏ ਭਾਗਾਂ ਦੁਆਰਾ ਰੰਗੋਲੀ ਬਣਾ ਕੇ ਇਨ੍ਹਾਂ ਮੁਕਾਬਲਿਆਂ ’ਚ ਭਾਗ ਲਿਆ।ਵਧੀਆ ਰੰਗੋਲੀ ਪੇਸ਼ਕਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸੈਮੀਨਾਰ ਮੌਕੇ ਪ੍ਰੋ. ਕਿਰਨਦੀਪ ਕੌਰ ਹੁੰਦਲ, ਮੁਖੀ ਬੌਟਨੀ ਵਿਭਾਗ ਨੇ ਡਾ. ਸੂਦਨ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।ਇਸ ਸੈਮੀਨਾਰ ਦੌਰਾਨ ਡਾ. ਹਰਜਿੰਦਰ ਸਿੰਘ, ਡਾ. ਮਧੂ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਪਰਮਜੀਤ ਕੌਰ ਅਤੇ ਡਾ. ਹਰਪ੍ਰੀਤ ਕੌਰ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media