Wednesday, March 4, 2026

ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰ ਕੇ ਐਮ.ਪੀ ਔਜਲਾ ਨੇ ਆਈ.ਆਈ.ਐਮ ਅੰਮ੍ਰਿਤਸਰ ਦੇ ਫੰਡਾਂ ਦੀ ਮੰਗੀ ਜਾਂਚ

ਡਾਇਰੈਕਟਰ ਦੀ ਨਿਯੁੱਕਤੀ ਨਾ ਕਰਨਾ ਸੰਸਥਾ ਦੇ ਭਵਿੱਖ ਲਈ ਖਤਰੇ ਦੀ ਘੰਟੀ

PPN1202201902ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਦੇਸ਼ ਦੀ 16ਵੀਂ ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪਿਛਲੀ ਯੂ.ਪੀ.ਏ ਸਰਕਾਰ ਵਲੋਂ ਅੰਮ੍ਰਿਤਸਰ ਵਾਸੀਆਂ ਨੂੰ ਦਿਤੇ ਭਾਰਤੀ ਪ੍ਰਬੰਧਨ ਸੰਸਥਾ (ਆਈ.ਆਈ.ਐਮ) ਦੇ ਤੋਹਫੇ ਦੇ ਭਵਿੱਖ ਨੂੰ ਲੈ ਕੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨਾਲ ਮੁਲਾਕਾਤ ਕਰਕੇ ਤਕਨੀਕੀ ਤੇ ਵਿੱਤੀ ਖਾਮੀਆਂ ਸੰਬੰਧੀ ਵਿਸੇਸ਼ ਜਾਂਚ ਕਰਾਉਣ ਦੀ ਮੰਗ ਕੀਤੀ।
ਕੇਂਦਰੀ ਮੰਤਰੀ ਨੂੰ ਪੱਤਰ ਸੌਂਪਣ ਉਪਰੰਤ ਗੱਲਬਾਤ ਕਰਦਿਆਂ ਐਮ.ਪੀ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ 2014 ਵਿੱਚ ਯੂ.ਪੀ.ਏ ਸਰਕਾਰ ਨੇ ਅੰਮ੍ਰਿਤਸਰ ਵਿਖੇ ਆਈ.ਆਈ.ਐਮ ਸੰਸਥਾ ਨੂੰ ਮੰਜੂਰੀ ਦਿੱਤੀ ਸੀ।ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸੰਸਥਾ ਦੇ ਡਾਇਰੈਕਟਰ ਦੀ ਕੋਈ ਨਿਯੁਕੱਤੀ ਨਹੀਂ ਕੀਤੀ ਗਈ, ਜਦਕਿ ਇਸ ਸੰਬੰਧੀ ਮੰਤਰਾਲੇ ਤੇ ਅਧਿਕਾਰੀਆਂ ਵਲੋਂ ਤਿੰਨ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ।ਔਜਲਾ ਨੇ ਕੇਂਦਰੀ ਮੰਤਰੀ ਤੋਂ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸੰਸਥਾ ਵਿੱਚ ਨੋਡਲ਼ ਅਫਸਰ ਵਜੋਂ ਤਾਇਨਾਤ ਇਕ ਅਧਿਕਾਰੀ ਭਿਸ਼ਟਾਚਾਰ ਦੀਆਂ ਹੱਦਾਂ ਟੱਪ ਰਿਹਾ ਹੈ ਜਦਕਿ ਸੰਸਥਾ ਲਈ ਜਗਾ ਦੀ ਖ੍ਰੀਦ ਵੀ ਕੀਤੀ ਗਈ ਹੈ ਅਤੇ ਸੰਸਥਾ ਦੀ ਬਿਲਡਿੰਗ ਲਈ ਪੈਸੇ ਵੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਪ੍ਰੰਤੂ ਸੰਸਥਾ ਦੇ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ ਕਾਰਨ ਅਜੇ ਤੱਕ ਇਕ ਇੱਟ ਵੀ ਨਹੀ ਬਿਲਡਿੰਗ ਲਈ ਨਹੀਂ ਲਗਾਈ ਗਈ ਜੋ ਕਿ ਸ਼ੰਕੇ ਪੈਦਾ ਕਰਦੀ ਹੈ ਕਿ ਕਿਤੇ ਅੰਮ੍ਰਿਤਸਰ ਵਾਸੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਉੱਚ ਸਿੱਖਿਆ ਸੰਸਥਾ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਹਟਾਇਆ ਤਾਂ ਨਹੀਂ ਜਾ ਰਿਹਾ।ਔਜਲਾ ਨੇ ਕਿਹਾ ਕਿ 2014 ਵਿੱਚ ਦੇਸ਼ ਅੰਦਰ ਐਲਾਨੀਆਂ ਬਾਕੀ ਆਈ.ਆਈ.ਐਮ ਸੰਸਥਾਵਾਂ ਦੇ ਡਾਇਰੈਕਟਰਾਂ ਦੀ ਨਿਯੁਕਤੀ ਵੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਬਿਲਡਿੰਗਾਂ ਵੀ ਤਿਆਰ ਬਰ ਤਿਆਰ ਹਨ। ਪਰ ਉਹ ਕਿਹੜੀ ਤਕਨੀਕੀ ਖਾਮੀ ਹੈ ਜਿਸ ਕਾਰਨ ਨਾ ਤਾਂ ਆਈ.ਆਈ.ਐਮ ਅੰਮ੍ਰਿਤਸਰ ਨੂੰ ਡਾਇਰੈਕਟਰ ਮਿਲ ਰਿਹਾ ਹੈ ਅਤੇ ਨਾ ਹੀ ਬਿਲਡਿੰਗ।ਔਜਲਾ ਨੇ ਕਿਹਾ ਕਿ ਸੰਸਥਾ ਦੇ ਇਕ ਅਧਿਕਾਰੀ ਵਲੋਂ ਕੀਤੀ ਜਾ ਰਹੀ ਫੰਡਾਂ ਦੀ ਦੁਰਵਰਤੋਂ ਕਾਰਨ ਵਿਦਿਆਰਥੀ ਅਲੱਗ ਅਲੱਗ ਜਗ੍ਹਾ ਕਲਾਸਾਂ ਲਗਾਉਣ ਲਈ ਮਜ਼ਬੂਰ ਹਨ।ਔਜਲਾ ਨੇ ਸੰਬੰਧਿਤ ਮੰਤਰਾਲੇ ਤੋਂ ਮੰਗ ਕੀਤੀ ਕਿ ਆਈ.ਆਈ.ਐਮ ਅੰਮ੍ਰਿਤਸਰ ਦੇ ਡਾਇਰੈਕਟਰ ਦੀ ਨਿਯੁੱਕਤੀ ਨਾ ਹੋਣ, ਫੰਡਾਂ ਦੀ ਦੁਰਵਰਤੋਂ ਹੋਣ ਅਤੇ ਸੰਸਥਾ ਦੀ ਬਿਲਡਿੰਗ ਵਿੱਚ ਹੋਈ ਦੇਰੀ ਦੀ ਉੱਚ ਪੱਧਰੀ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ ਤੇ ਇਸ ਲਈ ਜਿੰਮੇਂਵਾਰ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

 

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply