ਪਠਾਨਕੋਟ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਦਾਣਾ ਮੰਡੀ ਕਾਨਵਾਂ ਬਲਾਕ ਪਠਾਨਕੋਟ ਵਿਖੇ ਜ਼ਿਲਾ ਪੱਧਰੀ ਕਿਸਾਨ ਮੇਲਾ ਅਤੇ ਆਤਮਾ ਤਹਿਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ।ਕਿਸਾਨ ਮੇਲੇ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਰਾਮਵੀਰ ਨੇ ਕੀਤੀ।ਖੇਤੀਬਾੜੀ, ਬਾਗਬਾਨੀ, ਡੇਅਰੀ ਵਿਭਾਗ, ਮੱਛੀ ਪਾਲਣ, ਨਿੱਜੀ ਅਦਾਰੇ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।ਕਿਸਾਨ ਮੇਲੇ ਦਾ ਮੁੱਖ ਉਦੇਸ਼ ਰਸਾਇਣ ਮੁਕਤ ਸੁਰੱਖਿਅਤ ਅਤੇ ਸਹਿਕਾਰੀ ਖੇਤੀ ਰਿਹਾ।ਵੱਖ-ਵੱਖ ਅਦਾਰਿਆ ਵੱਲੋਂ ਲਗਾਈਆਂ ਪ੍ਰਦਰਸ਼ਨੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ. ਹਰਿੰਦਰ ਸਿੰਘ ਬੈਂਸ, ਡਾ. ਅਮਰੀਕ ਸਿੰਘ, ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸਰ, ਇੰਜ. ਵਰਿੰਦਰ ਮਹਾਜਨ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਜਤਿੰਦਰ ਕੁਮਾਰ, ਸੁਭਾਸ਼ ਚੰਦਰ, ਜੇ.ਪੀ ਸਿੰਘ, ਰਵਿੰਦਰ ਸਿੰਘ, ਖੇਤੀ ਵਿਸਥਾਰ ਅਫਸਰ, ਡਾ. ਵਿਕਰਾਂਤ ਧਵਨ, ਡਾ. ਹਰਪ੍ਰੀਤ ਸਿੰਘ ਡਿਪਟੀ ਪੀ.ਡੀ, ਮਾਸਟਰ ਗਿਆਨ ਸਿੰਘ, ਅਵਤਾਰ ਸਿੰਘ ਅਜੀਜਪੁਰ, ਗੌਰਵ ਕੁਮਾਰ ਝਲੋਆ, ਬਲਵਿੰਦਰ ਕੁਮਾਰ, ਮਨਜੀਤ ਕੌਰ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ `ਚ ਕਿਸਾਨ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਦੀ ਵੱਧ ਰਹੀ ਸਮੱਸਿਆ ਨੂੰ ਮੁੱਖ ਰੱਖਦਿਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ ਝੋਨੇ ਦੀ ਲਵਾਈ ਕੀਤੀ ਜਾਵੇ ਤਾਂ ਝੋਨੇ ਦੀ ਪੈਦਾਵਾਰ ਵਧਣ ਦੇ ਨਾਲ ਨਾਲ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਵੀ ਮਿਲੇਗੀ। ਉਨਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਬਿਹਤਰੀ ਲਈ ਗੁਣਵਤਾ ਭਰਪੂਰ ਅਨਾਜ, ਸਬਜੀਆਂ ਅਤੇ ਫਲ ਪੈਦਾ ਕਰਨ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਜੈਵਿਕ ਤਰੀਕੇ ਅਪਣਾ ਕੇ ਪੈਦਾ ਕੀਤੇ ਖੇਤੀ ਉਤਪਾਦਾਂ ਦਾ ਖੁਦ ਮੰਡੀਕਰਨ ਕਰਨਾ ਚਾਹੀਦਾ ਤਾਂ ਜੋ ਖੇਤੀ ਆਮਦਨ ਦੇ ਨਾਲ ਨਾਲ ਸ਼ੁੱਧ ਮੁਨਾਫਾ ਵਧਾਇਆ ਜਾ ਸਕੇ।ਉਨਾਂ ਕਿਹਾ ਕਿ 19 ਮਈ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
ਡਾ. ਹਰਤਰਨਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਕਿਸਾਨ ਨੂੰ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਆਪਣੇ ਖੇਤਾਂ ਵਿੱਚ ਕੁਦਰਤੀ ਤਰੀਕੇ ਅਪਨਾਉਂਦਿਆਂ ਸਬਜੀਆਂ, ਫਸਲ ਅਤੇ ਅਨਾਜ ਪੈਦਾ ਕਰਨੇ ਚਾਹੀਦੇ ਹਨ, ਜਿਸ ਨਾਲ ਤਕਰੀਬਨ 30-35 ਹਜ਼ਾਰ ਰੁਪਏ ਪ੍ਰਤੀ ਸਾਲ ਬੱਚਤ ਕੀਤੀ ਜਾ ਸਕਦੀ ਹੈ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਡਾ. ਬੂਟਾ ਸਿੰਘ ਢਿਲੋਂ ਫਸਲ ਵਿਗਿਆਨੀ ਨੇ ਝੋਨੇ ਦੀਆਂ ਉਨਤ ਕਿਸਮਾਂ ਦੀ ਬਿਜਾਈ ਕਰਨ, ਮਲਕੀਤ ਸਿੰਘ ਨੇ ਖੇਤੀ ਮਸ਼ੀਨਰੀ ਬਾਰੇ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰ ਡਾ. ਸੁਨੀਲ ਕਸ਼ੱਅਪ ਨੇ ਕੀੜੇ ਮਕੌੜਿਆਂ ਅਤੇ ਬਿਮਾਰੀਆਂ, ਡਾ. ਅਮਿਤ ਕੌਲ ਨੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ, ਡਾ. ਸੀਮਾ ਸ਼ਰਮਾ ਨੇ ਮਿੱਟੀ ਪਰਖ ਦੀ ਮਹੱਤਤਾ, ਡਾ. ਵਿਕਰਮਜੀਤ ਸਿੰਘ ਨੇ ਬਾਗਾਂ ਦੀਆਂ ਸਮੱਸਿਆਂਵਾਂ ਅਤੇ ਡਾ. ਸੁਰਿੰਦਰ ਸਿੰਘ ਨੇ ਪਸ਼ੂ ਪਾਲਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਡਾ. ਅਮਰੀਕ ਸਿੰਘ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਉਣ ਦੇ ਨਾਲ ਨਾਲ ਖੇਤੀ ਜਿਨਸਾਂ ਦੇ ਮੰਡੀਕਰਨ ਦੇ ਨੁਕਤੇ ਸਾਂਝੇ ਕੀਤੇ। ਡਾ. ਹਰਿੰਦਰ ਸਿੰਘ ਬੈਂਸ ਨੇ ਆਏ ਕਿਸਾਨਾਂ ਅਤੇ ਮੁੱਖ ਮਹਿਮਾਨ ਜੀ ਦਾ ਧੰਨਵਾਦ ਕੀਤਾ। ਅਗਾਂਹਵਧੂ ਕਿਸਾਨ ਗੌਰਵ ਕੁਮਾਰ ਨੇ ਕਿਸਾਨਾਂ ਦੀਆਂ ਗੰਨੇ ਦੀ ਕਾਸ਼ਤ ਨਾਲ ਸੰਬੰਧਤ ਸਮੱਸਿਆਵਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ। ਇਸ ਮੌਕੇ 8 ਅਗਾਂਹਵਧੂ ਕਿਸਾਨਾਂ ਅਤੇ ਬੇਹਤਰ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …