ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਡੀਕਲ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਬਟਾਲਾ ਵਿਖੇ ਪਟਾਖਾ ਫੈਕਟਰੀ `ਚ
ਹੋਏ ਧਮਾਕੇ ਦੌਰਾਨ ਜਖਮੀ ਹੋਏ ਵਿਅਕਤੀਆਂ ਦਾ ਹਾਲ ਚਾਲ ਪੁੱਛਣ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਪੁੱਜੇ।ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਧਮਾਕੇ ਦੌਰਾਨ ਜਿੰਨਾਂ ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ ਅਤੇ ਜਖਮੀ ਹੋਏ ਵਿਅਕਤੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
ਸੋਨੀ ਨੇ ਦੱਸਿਆ ਕਿ ਧਮਾਕੇ ਦੌਰਾਨ 23 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭੱਗ 4 ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋਏ ਹਨ।ਉਨ੍ਹਾਂ ਦੱਸਿਆ ਕਿ 6 ਗੰਭੀਰ ਜਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਲਿਆਂਦਾ ਗਿਆ ਸੀ ਜਿੰਨਾਂ ਵਿੱਚ ਇਕ ਦੀ ਰਸਤੇ ਵਿੱਚ ਹੀ ਮੌਤ ਗਈ ਸੀ ਅਤੇ 5 ਵਿਅਕਤੀ ਹਸਪਤਾਲ ਵਿਖੇ ਇਲਾਜ ਅਧੀਨ ਹਨ।ਸੋਨੀ ਨੇ ਕਿਹਾ ਕਿ ਦਾਖਲ ਵਿਅਕਤੀਆਂ ਦਾ ਇਲਾਜ਼ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।ਸੋਨੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਇਕ ਘਟਨਾ ਹੈ ਜਿਸ ਦੀ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।ਸੋਨੀ ਨੇ ਦੱਸਿਆ ਕਿ ਤਿੰਨ ਵਿਅਕਤੀ ਆਈ.ਸੀ.ਯੂ ਵਿੱਚ ਅਤੇ ਦੋ ਵਿਅਕਤੀ ਜਨਰਲ ਵਾਰਡ ਵਿੱਚ ਜੇਰੇ ਇਲਾਜ ਹਨ।
ਸੋਨੀ ਵੱਲੋਂ ਆਈ.ਸੀ.ਯੂ ਵਾਰਡ ਅਤੇ ਜਨਰਲ ਵਾਰਡ ਵਿਚ ਜਾ ਕੇ ਮਰੀਜਾਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ਅਤੇ ਡਾਕਟਰਾਂ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਲਗਾਤਾਰ ਇਨ੍ਹਾਂ ਜਖਮੀ ਵਿਅਕਤੀਆਂ ਤੇ ਨਜਰ ਰੱਖੀ ਜਾ ਰਹੀ ਹੈ ਅਤੇ ਇਨਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ, ਸੰਦੀਪ ਮਲਿਕ ਏ.ਡੀ.ਸੀ.ਪੀ, ਮੈਡਮ ਸੁਜਾਤਾ ਸ਼ਰਮਾ ਪ੍ਰਿੰਸੀਪਲ ਮੈਡੀਕਲ ਕਾਲਜ, ਡਾ: ਜੇ.ਐਸ ਕੁਲਾਰ ਸੁਪਰਡੈਂਟ, ਡਾ. ਅਸ਼ੋਕ ਸਿੱਧੂ ਡਿਪਟੀ ਸੁਪਰਡੈਂਟ, ਧਰਮਵੀਰ ਸਰੀਨ, ਅਸ਼ਵਨੀ ਪੱਪੂ, ਸ੍ਰੀਮਤੀ ਜਗੀਰ ਕੌਰ ਮਾਤਾ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਵੀ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media