ਪਹਿਲੀ ਉਡਾਨ ਰਾਹੀਂ ਪਟਨਾ ਸਾਹਿਬ ਪੁੱਜੇ ਔਜਲਾ ਨੇ ਹਰਿਮੰਦਰ ਜੀ ਪਟਨਾ ਸਾਹਿਬ ਟੇਕਿਆ ਮੱਥਾ
ਅੰਮ੍ਰਿਤਸਰ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿੱਖ ਧਰਮ ਦੇ ਅਹਿਮ ਤਖਤ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਥਸਾਨ ਪਟਨਾ ਸਾਹਿਬ
ਦਰਮਿਆਨ ਸਿੱਧੀ ਹਵਾਈ ਸੇਵਾ ਦੀ ਪਹਿਲੀ ਉਡਾਨ ਦਾ ਉਦਘਾਟਨ ਸਥਾਨਕ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਵਿਖੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪ੍ਰਮੁੱਖ ਸਖਸ਼ੀਅਤਾਂ ਦੀ ਹਾਜਰੀ ਵਿੱਚ ਕੀਤਾ ਗਿਆ।ਇਸ ਸਮੇਂ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਤਖਤ ਸ਼੍ਰੀ ਪਟਨਾ ਸਾਹਿਬ, ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਬਾਬਾ ਕਸ਼ਮੀਰ ਸਿੰਘ ਮੁੱਖੀ ਸੰਪਰਦਾਇ ਭੂਰੀ ਵਾਲੇ, ਡਾ: ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਹਵਾਈ ਅੱਡਾ ਮਨੋਜ ਕੁਮਾਰ ਹਾਜ਼ਰ ਸਨ। ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਪਟਨਾ ਸਾਹਿਬ ਦੀ ਪਲੇਠੀ ਉਡਾਨ ਦਾ ਉਦਘਾਟਨ ਕਰਨ ਉਪਰੰਤ ਗਲਬਾਤ ਕਰਦਿਆਂ ਕਿਹਾ ਕਿ ਬੰਦੀ ਛੋਡ ਦਿਵਸ ਮੌਕੇ ਇਸ ਉਡਾਨ ਦੇ ਸ਼ੁਰੂ ਹੋਣ ਨਾਲ ਸਿੱਖ ਧਰਮ ਦੇ ਦੋ ਅਹਿਮ ਤਖਤ ਸਿੱਧੇ ਹਵਾਈ ਸੇਵਾ ਨਾਲ ਜੁੜ ਜਾਣਗੇ ਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਦਾ ਫਾਇਦਾ ਮਿਲੇਗਾ।
ਔਜਲਾ ਨੇ ਕਿਹਾ ਕਿ ਉਨ੍ਹਾਂ ਵਲੋਂ ਸਮੇਂ ਸਮੇਂ ਸਿਰ ਤੇ ਅੰਮ੍ਰਿਤਸਰ ਤੋਂ ਸ਼੍ਰੀ ਹਜੂਰ ਸਾਹਿਬ ਨੰਦੇੜ, ਪਟਨਾ ਸਾਹਿਬ ਸਮੇਤ ਦੇਸ਼-ਵਿਦੇਸ਼ ਦੇ ਵੱਖ ਵੱਖ ਸ਼ਹਿਰਾਂ ਲਈ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦੀ ਮੰਗ ਨੂੰ ਲੋਕ ਸਭਾ ਵਿੱਚ ਉਠਾਇਆ ਜਾਂਦਾ ਰਿਹਾ ਹੈ ਅਤੇ ਅੱਜ ਖੁਸ਼ੀ ਦੀ ਗੱਲ ਹੈ ਕਿ ਸਿੱਖ ਧਰਮ ਦੇ ਦੋ ਤਖਤ ਸਿੱਧੀ ਹਵਾਈ ਸੇਵਾ ਨਾਲ ਜੁੜ ਗਏ ਹਨ। ਔਜਲਾ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਸ਼੍ਰੀ ਹਜੂਰ ਸਾਹਿਬ ਨੰਦੇੜ ਦਰਮਿਆਨ ਹਫਤੇ ਵਿੱਚ ਦੋ ਵਾਰ ਸਫਲਤਾਪੂਰਵਕ ਚਲ ਰਹੀ ਉਡਾਨ ਦਾ ਕਿਰਾਇਆ ਬਹੁਤ ਜਿਆਦਾ ਵਸੂਲਿਆ ਜਾ ਰਿਹਾ ਹੈ।ਇਸ ਲਈ ਇਸ ਉਡਾਨ ਨੂੰ ਹਫਤੇ ਦੇ ਬੁੱਧਵਾਰ ਸ਼ੁਰੂ ਕਰਨ ਦੇ ਨਾਲ ਨਾਲ ਕਿਰਾਇਆ ਵੀ ਘੱਟ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਉਡਾਨ ਦਾ ਫਾਇਦਾ ਉਠਾ ਸਕਣ।
ਗੁਰਜੀਤ ਸਿੰਘ ਔਜਲਾ ਏਅਰ ਇੰਡੀਆ ਵਲੋਂ ਸ਼ੁਰੂ ਕੀਤੀ ਹਵਾਈ ਸੇਵਾ ਦੀ ਪਲੇਠੀ ਉਡਾਨ ਨੰਬਰ ਏ.ਆਈ. 726 ਰਾਹੀਂ ਤਖਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਪੁੱਜੇ ਜਿਥੇ ਉਨ੍ਹਾਂ ਦਾ ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਪਟਨਾ ਸਾਹਿਬ ਪ੍ਰਸਾਸ਼ਨ ਤੇ ਬਿਹਾਰ ਸਰਕਾਰ ਦੇ ਨੁਮਾਇੰਦਿਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਔਜਲਾ ਵਲੋਂ ਕੀਤੀ ਇਸ ਹਵਾਈ ਸੇਵਾ ਨੂੰ ਸ਼ੁਰੂ ਕਰਨ ਵਿੱਚ ਨਿਭਾਈ ਯਾਦਗਾਰ ਭੂਮਿਕਾ ਸਦਕਾ ਗੁਰਦੁਆਰਾ ਤਖਤ ਸਾਹਿਬ ਵਲੋਂ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media