ਲੌਂਗੋਵਾਲ, 3 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਸਥਾਨਕ ਨਮੋਲ ਮਾਰਗ `ਤੇ ਪਰਾਲੀ ਦੀ ਅੱਗ ਨੇ ਗੱਡੀ ਲੌਹਾਰਾਂ ਦੇ ਇੱਕ
ਗ਼ਰੀਬ ਪਰਿਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।ਜਿਸ ਨਾਲ ਇਹ ਗ਼ਰੀਬ ਪਰਿਵਾਰ ਦੇ ਤਿੰਨ ਛੋਟੇ ਬੱਚੇ ਤੇ ਇੱਕ ਔਰਤ ਗੰਭੀਰ ਰੂਪ ਵਿੱਚ ਝੁਲਸ ਗਏ ।ਉਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਜਾਇਆ ਗਿਆ ਹੈ।
ਪੀੜਤ ਪਰਿਵਾਰ ਦੇ ਮੁਖੀ ਚਮਕੌਰ ਦਾਸ ਨੇ ਦੱਸਿਆ ਕਿ ਉਹ ਲੌਂਗੋਵਾਲ ਅਨਾਜ਼ ਮੰਡੀ ਵਿਖੇ ਝੌਂਪੜੀਆਂ ਵਿੱਚ ਰਹਿੰਦੇ ਹਨ ਅਤੇ ਪਿੰਡਾਂ ਵਿਚ ਤੱਕਲ਼ੇ, ਚਿਮਟੇ ਅਤੇ ਹੋਰ ਲੋਹੇ ਦੇ ਸੰਦ ਆਦਿ ਵੇਚ ਕੇ ਗੁਜ਼ਾਰਾ ਕਰਦੇ ਹਨ।ਉਸ ਨੇ ਦੱਸਿਆ ਕਿ ਅੱਜ ਉਹ ਆਪਣੀ ਮੋਟਰ ਸਾਈਕਲ ਵਾਲੀ ਰੇਹੜੀ `ਤੇ ਪਿੰਡ ਨਮੋਲ ਤੋਂ ਫੇਰੀ ਲਾ ਕੇ ਆਪਣੀ ਪਤਨੀ ਸਕੀਨਾ ਕੌਰ, ਪੁੱਤਰੀਆਂ ਸਿਮਰਨ ਕੌਰ (7 ਸਾਲ), ਮਨਪ੍ਰੀਤ ਕੌਰ (5 ਸਾਲ) ਅਤੇ ਪੁੱਤਰ ਲਵਪ੍ਰੀਤ ਸਿੰਘ (3 ਸਾਲ) ਨਾਲ ਵਾਪਸ ਲੌਂਗੋਵਾਲ ਪਰਤ ਰਿਹਾ ਸੀ।ਇਸ ਦੌਰਾਨ ਰਸਤੇ ਵਿੱਚ ਦੋਵੇਂ ਭੱਠਿਆਂ ਦੇ ਵਿਚਕਾਰ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ।ਜਦੋਂ ਉਹ ਇਸ ਥਾਂ ਤੋਂ ਗੁਜ਼ਰ ਰਿਹਾ ਸੀ ਤਾਂ ਪਰਾਲੀ ਦਾ ਜ਼ਬਰਦਸਤ ਧੂੰਆਂ ਅੱਖਾਂ `ਚ ਪੈ ਜਾਣ ਕਾਰਨ ਉਸ ਦਾ ਸਾਹ ਘੁਟ ਗਿਆ ਅਤੇ ਦਿਸਣਾ ਬੰਦ ਹੋ ਜਾਣ ਕਾਰਨ ਉਸ ਦੀ ਮੋਟਰ ਸਾਈਕਲ ਵਾਲੀ ਰੇਹੜੀ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਰੇਹੜੀ ਅੱਗ ਵਿਚ ਜਾ ਕੇ ਪਲਟ ਗਈ ਅਤੇ ਵੇਖਦਿਆਂ ਵੇਖਦਿਆਂ ਅੱਗ ਨੇ ਰੇਹੜੀ ਅਤੇ ਇਸ ਵਿਚ ਸਵਾਰ ਉਸ ਦੀ ਪਤਨੀ ਅਤੇ ਤਿੰਨੋਂ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਹਨ।ਕੁੱਝ ਰਾਹਗੀਰਾਂ ਦੀ ਮਦਦ ਨਾਲ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਤਾਂ ਭਾਵੇਂ ਬਚਾ ਲਈ ਗਈ ਹੈ, ਪ੍ਰੰਤੂ ਉਸ ਦਾ ਪੂਰਾ ਪਰਿਵਾਰ ਅੱਗ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ।
ਇਸੇ ਦੌਰਾਨ ਮਜ਼ਦੂਰ ਆਗੂ ਪ੍ਰਿਥੀ ਸਿੰਘ ਵਲੋਂ ਇਸ ਪਰਿਵਾਰ ਨੂੰ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਲੌਂਗੋਵਾਲ ਲਿਜਾਇਆ ਗਿਆ ।ਪ੍ਰੰਤੂ ਚਮਕੌਰ ਦਾਸ ਦੀ ਪਤਨੀ ਅਤੇ ਇੱਕ ਪੁੱਤਰੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸੰਗਰੂਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media