ਸਮੂਹ ਵਿਦਿਅਕ ਅਦਾਰਿਆਂ ਤੋਂ 25000 ਤੋਂ ਵਧੇਰੇ ਵਿਦਿਆਰਥੀ, ਸਟਾਫ਼ ਭਰਨਗੇ ਹਾਜ਼ਰੀ
ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 11 ਨਵੰਬਰ ਨੂੰ ਸਮੂਹ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।ਜਿਸ ਸਬੰਧੀ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਧਾਰਮਿਕ ਸਬ ਕਮੇਟੀ ਸਮੇਤ ਸਮੂਹ ਖ਼ਾਲਸਾ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕਰਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਆਪਣੇ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਆਨਰੇਰੀ ਸਕੱਤਰ ਛੀਨਾ ਨੇ ਕਿਹਾ ਕਿ ਰਵਾਇਤ ਅਨੁਸਾਰ ਹਰ ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਸਜਾਇਆ ਜਾਂਦਾ ਵਿਸ਼ਾਲ ਨਗਰ ਕੀਰਤਨ ਇਸ ਵਾਰ ਵੀ ਖ਼ਾਲਸਾ ਕਾਲਜ ਤੋਂ 11 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 7:00 ਵਜੇ ਆਰੰਭ ਹੁੰਦਾ ਹੋਇਆ ਵੱਖਵੱਖ ਪੜ੍ਹਾਅ ਤੈਅ ਕਰਦਾ ਕਰੀਬ 11:30 ਵਜੇ ਤੱਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇਗਾ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਆਰੰਭੀ ਗਈ ਵਿਸ਼ੇਸ਼ ਲੜੀ ਤਹਿਤ 2 ਨਵੰਬਰ ਨੂੰ ਅੰਤਰਰਾਸ਼ਟਰੀ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਸੀ, ਜਿਸ ਦੇ ਅਲੌਕਿਕ ਨਜ਼ਾਰੇ ਅਤੇ ਸੰਗਤ ਦੇ ਭਾਰੀ ਉਤਸ਼ਾਹ ਨੇ ਇਤਿਹਾਸ ਸਿਰਜਿਆ।
ਛੀਨਾ ਨੇ ਕਿਹਾ ਕਿ ਇਹ ਨਗਰ-ਕੀਰਤਨ ਉਪਰੋਕਤ ਸਮੇਂ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਆਰੰਭ ਹੋ ਕੇ ਪੁਤਲੀਘਰ, ਰੇਲਵੇ ਸਟੇਸ਼ਨ ਦੇ ਸਾਹਮਣੇ ਤੋਂ ਨਵੇਂ ਬਣੇ ਪੁੱਲ ਰਾਹੀਂ ਹਾਲ ਗੇਟ ਤੇ ਕੋਤਵਾਲੀ ਤੋਂ ਹੁੰਦਾ ਹੋਇਆ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਇਸ ਨਗਰ-ਕੀਰਤਨ ’ਚ ਸਮੂੰਹ ਵਿਦਿਆ ਅਦਾਰਿਆਂ ਦੇ ਕਰੀਬ 25000 ਤੋਂ ਵਧੇਰੇ ਵਿਦਿਆਰਥੀਆਂ ਦੇ ਨਾਲ-ਨਾਲ ਮੈਨੇਜਿੰਗ ਕਮੇਟੀ ਦੇ ਅਹੁਦੇਦਾਰ, ਮੈਂਬਰ ਸਾਹਿਬਾਨ, ਪ੍ਰਿੰਸੀਪਲ ਤੇ ਅਧਿਆਪਕ ਸ਼ਾਮਿਲ ਹੋਣਗੇ।ਇਸ ਨਗਰ-ਕੀਰਤਨ ਦੌਰਾਨ ਕਾਲਜ ਦੇ ਵਿਦਿਆਰਥੀ, ਵਿਦਿਆਰਥਣਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਕੀਰਤਨ ਦੁਆਰਾ ਗੁਰੂ-ਜਸ ਗਾਇਨ ਕਰਨਗੇ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦਾ ਮੁੱਖ ਉਦੇਸ਼ ਆਧੁਨਿਕ ਵਿਦਿਆ ਦੇ ਨਾਲ-ਨਾਲ ਗੁਰੂ ਸਾਹਿਬਾਨ ਦੇ ਜੀਵਨ, ਫ਼ਲਸਫ਼ੇ ਤੇ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ’ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਕਾਲਜ ਦੇ ਐਨ.ਐਸ.ਐਸ ਅਤੇ ਐਨ.ਸੀ.ਸੀ ਦੇ ਵਿਦਿਆਰਥੀ ਨਾਲ-ਨਾਲ ਚੱਲਣਗੇ। ਕਿਉਂਕਿ ਖ਼ਾਲਸਾ ਕਾਲਜ ਕੈਂਪਸ ‘ਨੋ ਪਲਾਸਟਿਕ’ ਜੋਨ ਹੈ, ਇਸ ਲਈ ਨਗਰ ਕੀਰਤਨ ਦੌਰਾਨ ਕਿਸੇ ਤਰ੍ਹਾਂ ਦੇ ਪਲਾਸਟਿਕ ਵਰਤਣ ’ਤੇ ਪਾਬੰਧੀ ਹੋਵੇਗੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …