Tuesday, March 10, 2026

ਸਿੱਧਵਾਂ ਦੋਨਾ ਵਿਖੇ ਬਨਾਉਟੀ ਅੰਗ ਮੁਹੱਈਆ ਕਰਵਾਉਣ ਲਈ ਲੱਗਾ ਵਿਸ਼ੇਸ਼ ਕੈਂਪ

ਕਪੂਰਥਲਾ, 8 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ PPNJ0812201910ਸਰਕਾਰ ਦੀ ‘ਆਰ.ਵੀ.ਵਾਈ’ ਅਤੇ ‘ਏ.ਡੀ.ਆਈ.ਪੀ’ ਸਕੀਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਬਨਾਵਟੀ ਅੰਗ ਤੇ ਉਪਕਰਣ ਮੁਹੱਈਆ ਕਰਵਾਉਣ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੱਧਵਾਂ ਦੋਨਾ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਅਤੇ ਬਲਾਕ ਸੰਮਤੀ ਦੇ ਉਪ ਚੇਅਰਮੈਨ ਬਲਵੀਰ ਸਿੰਘ ਬੱਲੀ ਵਿਸ਼ੇਸ਼ ਤੌਰ ’ਤੇ ਪਹੁੰਚੇ।ਉਨ੍ਹਾਂ ਪ੍ਰਸ਼ਾਸਨ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਲਾਭਪਾਤਰੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ।
            ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਲਬਰਗ ਲਾਲ ਨੇ ਦੱਸਿਆ ਕਿ ਇਸ ਕੈਂਪ ਵਿਚ 19 ਵਿਅਕਤੀਆਂ ਦੀ ਬਨਾਉਟੀ ਅੰਗ ਮੁਹੱਈਆ ਕਰਵਾਉਣ ਲਈ ਪੈਮਾਇਸ਼ ਅਤੇ ਪਹਿਚਾਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ‘ਅਲਿਮਕੋ’ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਦਾ ਵੱਡੀ ਗਿਣਤੀ ਵਿਚ ਦਿਵਿਆਂਗਜਨ ਲਾਭ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ 9 ਦਸੰਬਰ ਨੂੰ ਗੀਤਾ ਭਵਨ ਮੰਦਿਰ, ਫਗਵਾੜਾ ਵਿਖੇ ਅਜਿਹਾ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਤਹਿਤ ਲਾਭ ਪ੍ਰਾਪਤ ਕਰਨ ਲਈ ਲਾਭਪਾਤਰੀ ਦੀ ਮਾਸਿਕ ਆਮਦਨ 15 ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਲਾਭਪਾਤਰੀ ਇਕ ਫੋਟੋ ਤੋਂ ਇਲਾਵਾ ਸਮਰੱਥ ਅਥਾਰਟੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ, ਆਧਾਰ ਕਾਰਡ ਅਤੇ 40 ਫੀਸਦੀ ਤੋਂ ਵੱਧ ਦੇ ਅੰਗਹੀਣਤਾ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆਂ ਜ਼ਰੂਰ ਨਾਲ ਲੈ ਕੇ ਆਉਣ।
             ਇਸ ਮੌਕੇ ‘ਅਲਿਮਕੋ’ ਤੋਂ ਅਮਿਤੇਸ਼ ਲਾਲ ਸੁੰਮਨ, ਅਵਧੇਸ਼ ਪਾਲ ਅਤੇ ਮੋਹਨ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply