ਪੱਤਰਕਾਰਾਂ ਨੇ ਆਪਸੀ ਸਹਿਯੋਗ ਤੇ ਏਕਤਾ ਦੀ ਮਜ਼ਬੂਤੀ ਦਾ ਲ਼ਿਆ ਸੰਕਲਪ
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਕਈ ਸਾਲਾਂ ਦੀ ਜੱਦੋਜਹਿਦ ਦੇ ਬਾਅਦ ਸਥਾਨਕ ਨਿਊ ਅੰਮ੍ਰਿਤਸਰ ਸਥਿਤ 3000 ਵਰਗ ਗਜ਼ ਦੇ ਖੇਤਰ ਵਿੱਚ
ਤਿਆਰ ਹੋਏ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਵਿਖੇ ਜਿਲ੍ਹੇ ਦੇ ਪੱਤਰਕਾਰਾਂ ਦੀ ਪਹਿਲੀ ਮੀਟਿੰਗ ਨਾਲ ਕਲੱਬ ਦੀ ਸ਼ੁਰੂਆਤ ਕੀਤੀ ਗਈ।ਬੈਠਕ ਦੀ ਸਾਰੀ ਕਾਰਵਾਈ ਫੇਸਬੁਕ ਅਤੇ ਸੋਸ਼ਲ ਮੀਡੀਆ ‘ਤੇ ਲਾਇਵ ਕੀਤਾ ਗਿਆ।ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਜਨਰਲ ਸਕੱਤਰ ਪੰਕਜ਼ ਸ਼ਰਮਾ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਮੀਟਿੰਗ ਵਿੱਚ ਪ੍ਰੈਸ ਫੋਟੋਗ੍ਰਾਫਰਾਂ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ 82 ਪੱਤਰਕਾਰਾਂ ਨੇ ਹਿੱਸਾ ਲਿਆ।ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਨਵੇਂ ਸਾਲ ਮੌਕੇ ਪ੍ਰੈਸ ਕਲੱਬ ‘ਚ ਮੀਟਿੰਗ ਦੀ ਸ਼ੁਰੂਆਤ ਕਲੱਬ ਮੈਂਬਰ ਦੇ ਛੋਟੇ ਬੇਟੇ ਸੂਰਮਗਤੀ ਰਾਜਪੂਤ ਹੱਥੋਂ ਕੇਕ ਕਟਵਾ ਕੇ ਕੀਤੀ ਗਈ।ਇਸ ਸਮੇਂ ਹੋਈ ਵਿਚਾਰ ਚਰਚਾ ਦੌਰਾਨ ਪ੍ਰੈਸ ਕਲੱਬ ਚਲਾਉਣ ਲਈ ਹਾਜ਼ਰ ਪੱਤਰਕਾਰਾਂ ਨੇ ਆਪਣੇ ਸੁਝਾਅ ਦਿੱਤੇ।
ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਅੱਜ ਦੇ ਸ਼ੁਭ ਦਿਨ ਪੱਤਰਕਾਰਾਂ ਦਾ ਇਕੱਠੇ ਹੋਣਾ ਇੱਕ ਸ਼ੁਭ ਸੰਕੇਤ ਹੈ।ਉਨ੍ਹਾਂ ਨੇ ਮੀਟਿੰਗ ਵਿੱਚ ਪੁੱਜੇ ਇਲੈਕਟਰਾਨਿਕਸ ਅਤੇ ਪ੍ਰਿੰਟ ਮੀਡੀਆ ਵਲੋਂ ਦਿਖਾਈ ਏਕਤਾ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਭਵਿਖ ‘ਚ ਪੱਤਰਕਾਰਾਂ ਦੇ ਸਾਰੇ ਲੋਹੜੀ, ਵਿਸਾਖੀ, ਦੀਵਾਲੀ ਅਤੇ ਨਵੇਂ ਸਾਲ ਆਦਿ ਦੇ ਪ੍ਰੋਗਰਾਮ ਪ੍ਰੈਸ ਕਲੱਬ ਵਿਚ ਹੀ ਕਰਵਾਏ ਜਾਣਗੇ।ਜਿੰਨਾਂ ਵਿੱਚ ਕਲੱਬ ਦੇ ਮੈਂਬਰ ਆਪਣੇ ਪਰਿਵਾਰਿਕ ਮੈਬਰਾਂ ਸਮੇਤ ਸ਼ਾਮਿਲ ਹੋ ਸਕਣਗੇ।ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਤੋਂ ਪਹਿਲਾਂ ਕਈ ਵਾਰ ਪ੍ਰੈਸ ਕਲੱਬ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਕੁੱਝ ਸਰਕਾਰੀ ਅੜਚਨਾਂ ਕਾਰਣ ਇਹ ਸੰਭਵ ਨਹੀਂ ਹੋ ਸਕਿਆ।ਗਿੱਲ ਨੇ ਮੀਟਿੰਗ ਦੀ ਕਾਰਵਾਈ ਦੀ ਮਨਜ਼ੂਰੀ ਦੇਣ ‘ਤੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪ੍ਰੈਸ ਕਲੱਬ ਦੇ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ।ਜਿੰਨਾਂ ਪੱਤਰਕਾਰਾਂ ਨੇ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਮੈਂਬਰਸ਼ਿਪ ਫ਼ਾਰਮ ਨਹੀਂ ਭਰੇ ਉਹ ਵੀ ਜਲਦੀ ਫ਼ਾਰਮ ਭਰਨ।ਕਲੱਬ ਵਲੋਂ ਸਾਰੇ ਮੈਂਬਰਾਂ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ, ਜਿਸ ਉਪਰੰਤ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ।ਉਨਾਂ ਕਿਹਾ ਕਿ ਵੱਖ-ਵੱਖ ਸੰਸਥਾਵਾਂ ਨੂੰ ਵੀ ਪ੍ਰੈਸ ਕਾਨਫਰੰਸ ਤੇ ਪ੍ਰੋਗਰਾਮ ਕਲੱਬ ਵਿੱਚ ਹੀ ਆਯੋਜਿਤ ਕਰਨ ਲਈ ਕਿਹਾ ਜਾਵੇਗਾ।
Punjab Post Daily Online Newspaper & Print Media