ਖੁਸ਼ੀਆਂ ਖੇੜਿਆਂ ਤੇ ਭਾਈਚਾਰਕ ਸਾਂਝ ਦਾ ਤਿਓਹਾਰ ਲੋਹੜੀ ਪੋਹ ਦੇ ਅਖੀਰਲੇ ਦਿਨ 13 ਜਨਵਰੀ ਨੂੰ ਵੱਖ-ਵੱਖ ਨਾਵਾਂ ਨਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਹਰਿਆਣਾ, ਦਿੱਲੀ ਤੇ ਇਸ ਦੇ ਗਵਾਂਢੀ ਰਾਜਾਂ ਸਮੇਤ ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਲੋਹੜੀ ਜੋਸ਼ੋ-ਖਰੋਸ਼ ਤੇ ਉਤਸ਼ਾਹ ਮਨਾਈ ਜਾਂਦੀ ਹੈ।ਇਹ ਤਿਓਹਾਰ ਅਗਨੀ ਤੇ ਚਾਨਣ ਦੀ ਪਰਤੀਕ ਅਤੇ ਠੰਡ ਨੂੰ ਭਜਾਉਣ ਦਾ ਦਿਨ ਵੀ ਹੈ। ਲੋਹੜੀ ਨੂੰ ਭਗਤ ਕਬੀਰ ਜੀ ਦੀ ਲੋਈ ਅਤੇ ਦੁੱਲੇ-ਭੱਟੀ ਨਾਲ ਵੀ ਜੋੜਿਆ ਜਾਂਦਾ ਹੈ।ਮੁੱਕਦੀ ਗੱਲ ਕਿ ਕਿਸੇ ਨਾ ਕਿਸੇ ਬਹਾਨੇ ਇਹ ਦਿਨ ਮਨਾਇਆ ਜਾਂਦਾ ਹੈ ਤੇ ਠੰਡ ਤੋਂ ਨਿੱਘ ਵੱਲ ਪੁਲਾਂਘ ਪੁੱਟਣ ਦਾ ਤਿਉਹਾਰ ਹੈ।ਨਵੀਂਆਂ ਫਸਲਾਂ ਨੂੰ ਖੁਸ਼ਆਮਦੀਦ ਦਾ ਤਿਓਹਾਰ, ਨਵ ਵਿਆਹਿਆਂ, ਨਵ ਜੰਮਿਆਂ ਨੂੰ ਜੀ ਆਇਆਂ ਕਹਿਣ ਦਾ ਤਿਓਹਾਰ ਹੈ।ਸ਼ਾਇਦ ਲੋਹੜੀ ਸ਼ਬਦ ਸ਼ਾਇਦ ਤਿਲ ਤੇ ਰੋੜੀ ਦਾ ਇੱਕਠੇ ਸ਼ਬਦ ਤਿਲੋਹੜੀ ਤੋਂ ਬਣਿਆ ਹੋਵੇ।
ਪੁਰਾਣੇ ਪਿੰਡਾਂ ਦੇ ਨੌਜਵਾਨ ਸਮੇਂ ਪਹਿਲਾਂ ਹੀ ਨਵੇਂ ਵਿਆਹੇ ਜੋੜਿਆਂ ਤੇ ਨਵੇ ਜੰਮੇ ਬੱਚਿਆਂ ਵਾਲੇ ਘਰਾਂ ਦਾ ਪਤਾ ਲਾ ਲੈਂਦੇ ਹਨ ਕਿ ਕਿਸ ਘਰ ਲੋਹੜੀ ਬਣੀ ਹੈ।ਉਹ ਆਪਣੇ ਹਾਣੀਆਂ ਨਾਲ ਟੋਲੇ ਬਣਾ ਲੈਂਦੇ ਅਤੇ ਗੀਤ ਗਾ ਕੇ ਹੱਸਦੇ ਖੇਡਦੇ ਲੋਹੜੀ ਮੰਗਦੇ ਸਨ।ਇਸ ਉਪਰੰਤ ਹਰ ਘਰ ਤੋਂ ਕੁੱਝ ਦਿਨ ਪਹਿਲਾਂ ਮੰਗ ਕੇ ਇੱਕਠਾ ਕਰਕੇ ਲਿਆਂਦੀਆਂ ਪਾਥੀਆਂ ਤੇ ਸੁੱਕੇ ਬਾਲਣ ਨਾਲ ਬੱਚੇ ਲੋਹੜੀ ਬਾਲਦੇ ਅਤੇ ਬੈਠ ਕੇ ਗੁੜ, ਫੁਲੇ, ਮੁੰਗਫਲੀ ਤੇ ਰਿਓੜੀਆਂ ਮਿਲ ਕੇ ਖਾਂਦੇ ਹਨ।
ਲੋਹੜੀ ਤੋਂ ਇੱਕ ਦੋ ਦਿਨ ਪਹਿਲਾਂ ਹੀ ਵਿਆਹੀਆਂ ਧੀਆਂ ਦੇ ਸਹੁਰੇ ਘਰ ਤਿਲ ਰਿਓੜੀਆਂ, ਗੁੜ, ਫੁੱਲੇ, ਚਿੜਵੜੇ, ਪਤਾਸੇ, ਮੁੱਠ ਲੱਡੂ, ਲੱਡੂ, ਹਲਵਾਈ ਦੀਆਂ ਬਣੀਆਂ ਖਜੂਰਾਂ ਆਦਿ ਵੀਰ ਦੇ ਆਉਂਦੇ ਹਨ।ਲੋਹੜੀ ਵਾਲੇ ਘਰਾਂ ਵਿੱਚ ਜਸ਼ਂ ਮਨਾਏ ਜਾਂਦੇ ਹਨ। ਉਨਾਂ ਵਲੋਂ ਪਰਿਵਾਰਕ ਰਿਸ਼ਤੇਦਾਰਾਂ ਨੂੰ ਸੱਦ ਕੇ ਭੁਗਾ ਬਾਲਿਆ ਜਾਂਦਾ ਹੈ ਅਤੇ ਅਜੋਕੇ ਸਮੇਂ ਡੀ.ਜੀ ਅਤੇ ਢੋਲ ਦੀ ਤਾਲ ‘ਤੇ ਗਿੱਧੇ ਤੇ ਭੰਗੜੇ ਪਾ ਕੇ ਰੌਣਕਾਂ ਲੱਗਦੀਆਂ ਹਨ।
ਲੋਹੜੀ ਦੇ ਇਤਿਹਾਸਕ ਪੱਖ ਦਾ ਮਿੱਥ ਹੈ ਕਿ ਸੁੰਦਰ ਮੁੰਦਰੀ ਦੋ ਭੈਣਾਂ ਸਨ।ਉਹਨਾਂ ‘ਤੇ ਲੋਹੜੇ ਦਾ ਰੂਪ ਚੜ੍ਹ ਆਇਆ ਸੀ।ਉਨ੍ਹਾਂ ਦੇ ਸੁਹੱਪਣ ਦੀ ਭਿਣਕ ਹਾਕਮ ਤੱਕ ਪੈ ਗਈ। ਉਸ ਨੇ ਹੁਕਮ ਚਾੜ੍ਹ ਦਿੱਤਾ ਕਿ ਕੁੜੀਆਂ ਪੇਸ਼ ਕੀਤੀਆਂ ਜਾਣ, ਜੇ ਪੇਸ਼ ਨਹੀ ਹੁੰਦੀਆਂ ਤਾਂ ਚੁੱਕ ਲਿਆਂਦੀਆਂ ਜਾਣ।ਇਸ ਦੀ ਖਬਰ ਉਸ ਸਮੇਂ ਦੇ ਅਯਕੀ ਯੋਧੈ ਤੇ ਲੋਕਾਂ ਦੇ ਹਮਾਇਤੀ ਦੁੱਲੇ-ਭੱਟੀ ਤੱਕ ਪੁੱਜ ਗਈ ਤਾਂ ਉਸ ਨੇ ਕੁੜੀ ਦੇ ਘਰਦਿਆਂ ਨੁੰ ਸੁਨੇਹਾ ਘੱਲ ਦਿੱਤਾ ਕਿ ਫਟਾ ਫੱਟ ਮੁੰਡੇ ਦੇਖ ਕੇ ਜੰਗਲ ਵਿੱਚ ਮੇਰੇ ਟਿਕਾਣੇ ‘ਤੇ ਮੁੰਡੇ ਕੁੜੀਆਂ ਲੈ ਆਂਦੇ ਜਾਣ ਤੇ ਇਹਨਾਂ ਦੀ ਸ਼ਾਦੀ ਮਂੈ ਕਰਾਂਵਾਗਾ ਇਸ ਤਰ੍ਹਾਂ ਹੀ ਹੋਇਆ ਤੇ ਉਸ ਨੇ ਵਿਆਹ ਕਰਵਾਏ ਤੇ ਇਹਨਾਂ ਦੀ ਝੋਲੀ ਸੇਰ ਸੇਰ ਸ਼ੱਕਰ ਪਾਈ।ਲੋਹੜੀ ‘ਤੇ ਮੁੱਖ ਗੀਤ ਵੀ ਇਹ ਹੀ ਗਾਇਆ ਜਾਂਦਾ ਹੈ:-
ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁਲ੍ਹਾ ਭੱਟੀ ਵਾਲਾ ਹੋ,
ਦੁਲ੍ਹੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ,
ਕੁੜੀ ਦਾ ਲਾਲ ਪਟਾਕਾ ਹੋ,
ਕੁੜੀ ਦਾ ਸਾਲੂ ਪਾਟਾ ਹੋ,
ਸਾਲੂ ਕੋਣ ਸਮੇਟੇ ਹੋ,
ਚਾਚੇ ਚੂਰੀ ਕੁੱਟੀ ਹੋ,
ਜਿੰਮੀਦਾਰਾ ਲੁੱਟੀ ਹੋ,
ਜਿੰਮੀਂਦਾਰ ਬੁਲਾਓ ਹੋ,
ਸੌ ਸੌ ਪੌਲੇ ਲਾਓ ਹੋ,
ਇੱਕ ਪੌਲਾ ਰਹਿ ਗਿਆ ਹੋ,
ਸਪਾਹੀ ਫੜ੍ਹ ਕੇ ਲੈ ਗਿਆ ਹੋ।
ਇਸੇ ਤਰਾਂ ਲੋਹੜੀ ‘ਤੇ ਇੱਕ ਹੋਰ ਗੀਤ :
ਹੁੱਲੇ ਨੀ ਮਾਏਂ ਹੁੱਲੇ,
ਦੋ ਬੇਰੀਆਂ ਦੇ ਪੱਤੇ ਝੁੱਲੇ,
ਦੋ ਹੁੱਲ ਪਈਆਂ ਖਜੂਰੀਆਂ,
ਖਜੂਰੀਆਂ ਸੁੱਟੇ ਮੇਵੇ,
ਇਸ ਮੁੰਡੇ ਦੇ ਘਰ ਮੰਗੇਣਾ,
ਇਸ ਮੁੰਡੇ ਦੀ ਵਹੁਟੀ ਨਿੱਕੜੀ,
ਉਹ ਰਹਿੰਦੀ ਚੂਰੀ ਕੁੱਟੜੀ,
ਉਸ ਕੁੱਟ ਕੁੱਟ ਭਰਿਆ ਥਾਲ,
ਵਹੁਟੀ ਬਹਿ ਨਨਾਣਾ ਨਾਲ,
ਨਨਾਣਾ ਤੇ ਭਰਜਾਈ,
ਸੋ ਕੁੜਮਾਂ ਦੇ ਘਰ ਆਈ,
ਮੈ ਲੋਹੜੀ ਲੈਣ ਆਈ,
ਦਿਓ ਬੀਬੀ ਲੋਹੜੀ,
ਜੀਵੇ ਨਹੁੰ ਪੁੱਤ ਦੀ ਜੋੜੀ ।
ਅਤੇ
ਗੀਗਾ ਨੀ ਭੈਣੋ ਗੀਗਾ,
ਗੀਗੇ ਦੇ ਮੂੰਹ ਵਿੱਚ ਘਿਓ,
ਜੀਵੇ ਗੀਗੇ ਦਾ ਪਿਓ,
ਗੀਗਾ ਤਾਂ ਕਰ ਦਾ ਊਂ ਅ,ਾਂ
ਜੀਵੇ ਗੀਗੇ ਦੀ ਮਾਂ,
ਗੀਗੇ ਦੇ ਤੇੜ ਤੜਾਗੀ,
ਜੀਵੇ ਗੀਗੇ ਦੀ ਦਾਦੀ,
ਗੀਗਾ ਜੰਮਿਆਂ ਸੀ ਰਾਤ,
ਗੁੜ ਵੰਡਿਆ ਪਰਾਤ,
ਦਿਓ ਸਾਨੂੰ ਲੋਹੜੀ ਲੋਹੜੀ ।
ਜੇ ਚਿਰ ਲੱਗ ਜਾਵੇ ਤਾਂ ਕੁੜੀਆਂ ਕਹਿੰਦੀਆਂ ਹਨ:
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕੌਣ ਵੇਲੇ ਦੀਆਂ ਅਈਆਂ ।
ਸਾਡੇ ਪੈਰਾਂ ਹੇਠਾਂ ਰੋੜ ਸਾਨੂੰ ਜਲਦੀ ਜਲਦੀ ਤੋਰ।
ਦੇਹ ਮਾਈ ਲੋਹੜੀ, ਤੇਰੀ ਜੀਵੇ ਜੋੜੀ
ਜਿਹੜਾ ਘਰ ਜਾਣ ਬੁਝ ਕੇ ਲੋਹੜੀ ਨਾ ਦੇਵੇ ਤਾਂ ਕੁੜੀਆਂ ਕਹਿ ਦੇਂਦੀਆਂ ਹਨ:-
ਹੁੱਕਾ ਨੀ ਭੈਣੋ ਹੁੱਕਾ, ਇਹ ਘਰ ਭੁੱਖਾ ਨੀ ਭੈਣੋਂ ਭੁੱਖਾ।
ਲੋਹੜੀ ਵਾਲੇ ਘਰਾਂ ਤੋਂ ਇਲਾਵਾ ਵੀ ਰਲ ਮਿਲ ਕੇ ਭੁੱਗਾ ਬਾਲਿਆ ਜਾਂਦਾ ਹੈ।ਵਿਹੜੇ ਵਿੱਚ ਲੱਕੜਾਂ ਇੱਕਠੀਆਂ ਕਰਕੇ ਉਸ ਉੱਪਰ ਥੋੜ੍ਹਾ ਜਿਹਾ ਦੇਸੀ ਘਿਓ ਪਾ ਕੇ ਬਾਲਿਆ ਜਾਂਦਾ ਹੈ।ਸਭ ਚਾਰ ਚੁਫੇਰੇ ਬੈਠ ਜਾਂਦੇ ਹਨ।ਘਰ ਦੀ ਮੁੱਖੀ ਔਰਤ ਥਾਲੀ ਵਿੱਚ ਤਿੱਲ, ਚਿੜਵੜੇ, ਮੂੰਗਫਲੀ, ਰਿਓੜੀਆਂ, ਮੱਕੀ ਦੇ ਫੁੱਲੇ ਆਦਿ ਲੈ ਕੇ ਆਉਂਦੀ ਹੈ ਤੇ ਸਾਰੇ ਜਾਣੇ ਹੀ ਥੋੜ੍ਹੇ ਥੋੜ੍ਹੇ ਜਲ ਰਹੀ ਅਗਨੀ ਵਿੱਚ ਪਾਉਂਦੇ ਹਨ ਤੇ ਮੂੰਹੋਂ ਭਰੀ ਆਈਂ ਤੇ ਸੁਲੱਖਣੀ ਜਾਈਂ ਬੋਲਦੇ ਹਨ।ਮਿੱਥ ਹੈ ਕਿ ਜਠਾਨੀ ਨਵੀਂ ਆਈ ਦਰਾਣੀ ਉੱਤੋਂ ਤਿਲ ਵਾਰ ਕੇ ਭੁੱਗੇ ਵਿੱਚ ਪਾਉਂਦੀ ਹੈ ਤੇ ਦਰਾਣੀ ਬਹੁਤੇ ਮੂੰਡੇ ਜੰਮਦੀ ਹੈ।ਸਾਰੇ ਖੁਸ਼ੀ ਦੇ ਗੀਤ ਗਾਉਂਦੇ ਅਤੇ ਰਿਉੜੀਆਂ, ਮੂੰਗਫਲੀ, ਫੁੱਲੇ, ਗਚਕ ਤਿਲਹੜੀ ਪੱਟੀ ਖਾਂਦੇ ਹਨ।
ਪੋਹ ਦੀ ਰਾਤ ਨੂੰ ਸਾਗ, ਖਿਚੜੀ ਅਤੇ ਰਓ (ਗੰਨੇ ਦਾ ਰਸ) ਦੀ ਖੀਰ ਬਣਦੀ ਹੈ।ਸਵੇਰੇ ਉੱਠ ਕੇ ਮਾਘ ਮਹੀਨੇ ਸਭ ਵਸਤਾਂ ਦਹੀਂ ਨਾਲ ਖਾਧੀਆਂ ਜਾਂਦੀਆਂ ਹਨ।ਇਸ ਨੂੰ ਪੋਹ ਰਿੱਧੀ ਮਾਘ ਖਾਧੀ ਕਹਿੰਦੇ ਹਨ।ਪਰ ਅੱਜ ਕੱਲ ਲੋਹੜੀ ਵਾਲੇ ਦਿਨ ਲਾਲ ਪਰੀ ਤੇ ਮੀਟ ਮੱਛੀ ਤੇ ਮੁਰਗਾ ਖੂਬ ਚਲਦਾ ਹੈ।ਕੋਈ ਕੋਈ ਘਰ ਹੀ ਇਸ ਤੋਂ ਬਚਿਆ ਹੈ।
ਲੋਹੜੀ ‘ਤੇ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਵੀ ਕਰਦੇ ਹਨ। ਅਜੋਕੇ ਸਮੇਂ ਇਹ ਪਤੰਗਬਾਜ਼ੀ ਵੀ ਚਾਈਨਾ/ ਸਿੰਥੈਟਿਕ ਡੋਰ ਦੇ ਆਉਣ ਨਾਲ ਹਾਦਸਿਆਂ ਦਾ ਕਾਰਣ ਬਣ ਰਹੀ ਹੈ।ਜਿਸ ਤੋਂ ਬਚਣ ਲਈ ਰਵਾਇਤੀ ਧਾਗੇ ਦੀ ਡੋਰਨਾਲ ਪਤੰਗਾਂ ਉਡਾਉਣ ਨੂੰ ਤਰਜ਼ੀਹ ਦੇਣੀ ਬਣਦੀ ਹੈ।
ਸ਼ਾਲਾ ਸਭ ਦੇ ਘਰ ਖੁਸ਼ੀਆਂ ਨਾਲ ਭਰੇ ਰਹਿਣ ਤੇ ਬੱਚੇ ਬੱਚੀਆਂ ਦੀਆਂ ਲੋਹੜੀਆਂ ਮਨਾਈਆਂ ਜਾਂਦੀਆਂ ਰਹਿਣ ਅਤੇ ਧੀਆਂ ਦੇ ਚਾਅ ਮਲ੍ਹਾਰ ਵੀ ਨਾਲ ਹੀ ਹੁੰਦੇ ਰਹਿਣ।

ਮਨਜੀਤ ਸਿੰਘ ਸੌਂਦ
ਟਾਂਗਰਾ ਮੋ- 98037 61451
Punjab Post Daily Online Newspaper & Print Media