ਡਾਕਟਰਾਂ ਤੇ ਸਿਹਤ ਸਟਾਫ਼ ਨੇ ਆਪਣੀ ਯੋਗਤਾ ਤੇ ਮਿਹਨਤ ਦਾ ਲੋਹਾ ਮੰਨਵਾਇਆ
ਨਵਾਂਸ਼ਹਿਰ/ਬੰਗਾ, 25 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਖ਼ਿਲਾਫ਼ ਇੱਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅੱਜ
ਆਪਣੇ ਆਖਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜਣ ਬਾਅਦ, ਇੱਕ ਵਾਰ ਫ਼ਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ।ਅੱਜ ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼ ਜ਼ਿਲ੍ਹੇ ਦੀ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਸਥਾਪਿਤ ਦੂਸਰੀ ਆਈਸੋਲੇਸ਼ਨ ਸੁਵਿਧਾ ’ਚ ਇਲਾਜ਼ ਅਧੀਨ ਸਨ।
ਆਈਸੋਲੇਸ਼ਨ ਸੁਵਿਧਾ ਦੇ ਇੰਚਾਰਜ਼ ਤੇ ਬੰਗਾ ਦੇ ਐਸ.ਐਮ.ਓ ਡਾ. ਕਵਿਤਾ ਭਾਟੀਆ ਨੇ ਆਪਣੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਇਸ ਸਫ਼ਲਤਾ ਨੂੰ ਬਿਆਨ ਕਰਦਿਆਂ ਦੱਸਿਆ ਕਿ ਇਸ ਆਈਸੋਲੇਸ਼ਨ ਸੁਵਿਧਾ ’ਚ ਉਨਾਂ ਕੋਲ 21 ਕੋਵਿਡ ਪਾਜ਼ਿਟਿਵ ਮਰੀਜ਼ ਆਏ ਸਨ।ਆਈਸੋਲੇਸ਼ਨ ਵਾਰਡ ਦੀ ਨਵੀਂ ਸ਼ੁਰੂਆਤ ਹੋਣ ਕਾਰਨ ਇਹ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ।ਪਰ ਖੁਸ਼ਕਿਸਮਤੀ ਹੈ ਕਿ ਸਾਡੀ ਟੀਮ ਦੀ ਮਿਹਨਤ ਸਕਦਾ ਸਾਰੇ ਹੀ ਮਰੀਜ਼ ਬਿਨਾਂ ਕਿਸੇ ਜਾਨੀ ਨੁਸਕਾਨ ਤੋਂ ਸਿਹਤਯਾਬ ਹੋ ਕੇ ਘਰਾਂ ਨੂੰ ਜਾਣ ’ਚ ਸਫ਼ਲ ਰਹੇ।
ਡਾ. ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਪਾਸੋਂ 12 ਮੈਡੀਕਲ ਅਫ਼ਸਰਾਂ (ਸਮੇਤ ਦੋ ਮੈਡੀਸਨ ਮਾਹਿਰ), 10 ਪ੍ਰਤੀਬੱਧ ਸਟਾਫ਼ ਨਰਸਾਂ, ਪੰਜ ਮੈਡੀਕਲ ਲੈਬ ਤਕਨੀਸ਼ੀਅਨ, ਅੱਠ ਫ਼ਾਰਮਾਸਿਸਟ, ਚਾਰ ਵਾਰਡ ਅਟੈਂਡੈਂਟ ਅਤੇ ਤਿੰਨ ਸਫ਼ਾਈ ਸੇਵਕਾਂ ਦਾ ਦਿਨ ਰਾਤ ਕੰਮ ਕਰਨ ਵਾਲਾ ਸਟਾਫ਼ ਮਿਲਿਆ ਸੀ, ਜਿਸ ਨੇ ਤਿੰਨ ਸ਼ਿਫ਼ਟਾਂ ’ਚ ਕੰਮ ਕਰਕੇ ਮਾਨਵਤਾ ਪ੍ਰਤੀ ਆਪਣੀ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ।ਡਾ. ਕਵਿਤਾ ਭਾਟੀਆ ਨੇ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਸਿਹਤਯਾਬ ਹੋਏ ਕੇਸਾਂ ’ਚੋਂ 101 ਜ਼ਿਲ੍ਹ੍ਹੇ ਨਾਲ ਸਬੰਧਤ ਸਨ, ਜਦਕਿ 11 ਦੂਸਰੇ ਜ਼ਿਲ੍ਹਿਆਂ ਨਾਲ ਸਬੰਧਤ ਸਨ।ਉਨ੍ਹਾਂ ਦੱਸਿਆ ਕਿ ਨੰਦੇੜ ਤੋਂ ਜ਼ਿਲ੍ਹੇ ’ਚ ਆਏ ਲੋਕਾਂ ਦੇ ‘ਇਕਾਂਤਵਾਸ’ ’ਚ ਰੱਖੇ ਜਾਣ ਦੌਰਾਨ ਲਏ ਗਏ ਸੈਂਪਲਾਂ ਬਾਅਦ ਜ਼ਿਲ੍ਹੇ ’ਚ ਇਕ ਦਮ ਕੋਵਿਡ ਕੇਸਾਂ ’ਚ ਤੇਜ਼ੀ ਆ ਗਈ ਸੀ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਬੀਤੀ 22 ਅਪਰੈਲ ਨੂੰ ਪਠਲਾਵਾ ਨਾਲ ਸਬੰਧਤ ਆਖਰੀ ਮਰੀਜ਼ ਨੂੰ ਘਰ ਭੇਜਣ ਬਾਅਦ ਕੋਵਿਡ ਮੁਕਤ ਹੋਏ ਜ਼ਿਲ੍ਹੇ ’ਚ 25 ਅਪਰੈਲ ਨੂੰ ਆਏ ਨਵੇਂ ਕੇਸ ਤੋਂ ਬਾਅਦ ਸੂਚੀ ਨਿਰੰਤਰ ਲੰਬੀ ਹੁੰਦੀ ਗਈ ਸੀ।ਪਰ ਸਮੁੱਚੇ ਸਿਹਤ ਅਮਲੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗਿਆਨੀ ਬਲਦੇਵ ਸਿੰਘ ਪਠਲਾਵਾ ਦੀ ਦੁੱਖਦਾਈ ਮੌਤ ਬਾਅਦ ਜ਼ਿਲ੍ਹੇ ’ਚ ਹੋਰ ਕੋਈ ਅਜਿਹਾ ਦੁਖਾਂਤ ਵਾਪਰਨ ਤੋਂ ਪਹਿਲਾਂ ਹੀ ਸਮੁੱਚੀ ਸਥਿਤੀ ਨੂੰ ਸੰਭਾਲ ਲਿਆ ਗਿਆ।ਬਬਲਾਨੀ ਨੇ ਆਈਸੋਲੇਸ਼ਨ ਕੇਂਦਰਾਂ ’ਚੋਂ ਘਰ ਭੇਜੇ ਗਏ ਕੋਵਿਡ ਮਰੀਜ਼ਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਘਰਾਂ ’ਚ 7 ਦਿਨ ਦਾ ਆਈਸੋਲੇਸ਼ਨ ਸਮਾਂ ਨਿਯਮਿਤ ਤੌਰ ’ਤੇ ਜ਼ਰੂਰ ਪੂਰਾ ਕਰਨ ਤਾਂ ਜੋ ਉਹ ਮੁਕੰਮਲ ਤੌਰ ’ਤੇ ਸਿਹਤਯਾਬ ਹੋ ਸਕਣ।
Punjab Post Daily Online Newspaper & Print Media