ਮਿਸ਼ਨ ਫਤਿਹ ਲੋਕਾਂ ਨੂੰ ਸੁਰੱਖਿਅਤ ਰੱਖਣ ਵਿੱਚ ਨਿਭਾਅ ਰਿਹਾ ਅਹਿਮ ਰੋਲ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ‘ਚ ਆਉਂਦੇ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਦਾ ਚਹੁੰਮੁੱਖੀ ਵਿਕਾਸ ਕੀਤਾ ਜਾਵੇਗਾ ਅਤੇ ਹਲਕੇ ਅਧੀਨ ਆਉਂਦੀਆਂ ਸਾਰੀਆਂ ਪੰਚਾਇਤਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਲਈ 35-35 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।
ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਿੰਡ ਥਾਂਦੇ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 7.5 ਲੱਖ ਦਾ ਚੈਕ ਭੇਂਟ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।ਪਿੰਡ ਥਾਂਦੇ ਅੰਦਰ ਸੀਵਰੇਜ ਦੀ ਪਾਈਪ ਲਾਈਨ ਪਾਈ ਜਾ ਰਹੀ ਹੈ।ਜਿਸ ਨਾਲ ਗੰਦੇ ਪਾਣੀ ਦੀ ਨਿਕਾਸੀ ਹੋ ਸਕੇਗੀ।
ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਮਹਾਂਮਾਰੀ ‘ਤੋਂ ਬਚਾਉਣ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ ਅਤੇ ਮਿਸ਼ਨ ਫਤਿਹ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਅਹਿਮ ਰੋਲ ਨਿਭਾਅ ਰਿਹਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਘਰੋਂ ਬਾਹਰ ਜਾਣ ਤਾਂ ਮਾਸਕ ਦੀ ਵਰਤੋਂ ਜਰੂਰ ਕਰਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲੋਕਾਂ ਦੇ ਆਪਣੇ ਹੱਥ ਵਿੱਚ ਹੈ ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਗੁਰਵਿੰਦਰ ਸਿੰਘ ਗੋਰਾ ਸਰਪੰਚ ਥਾਂਦੇ, ਬਲਬੀਰ ਸਿੰਘ, ਚੇਅਰਮੈਨ ਬਲਦੇਵ ਸਿੰਘ, ਹਰਜਿੰਦਰ ਸਿੰਘ, ਮੇਵਾ ਸਿੰਘ ਅਤੇ ਬਲਵੰਤ ਸਿੰਘ ਹਾਜ਼ਰ ਸਨ।