ਰੋਜ਼ਾਨਾ ਟੈਸਟ ਕਰਨ ਦੀ ਸਮਰੱਥਾ 20 ਹਜ਼ਾਰ ਹੋਈ
ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਕੁੱਦੇ ਆਪਣੇ ਵਿਭਾਗ ਦੇ
ਡਾਕਟਰਾਂ ਅਤੇ ਹੋਰ ਸਹਾਇਕ ਅਮਲੇ ਨੂੰ ਸ਼ਾਬਾਸ਼ ਦਿੰਦੇ ਦੱਸਿਆ ਕਿ ਹੁਣ ਤੱਕ ਇਹ ਮੈਡੀਕਲ ਕਾਲਜ 8 ਲੱਖ ਦੇ ਕਰੀਬ ਵਿਅਕਤੀਆਂ ਦੇ ਕਰੋਨਾ ਟੈਸਟ ਕਰ ਚੁੱਕੇ ਹਨ।ਤਿੰਨਾਂ ਮੈਡੀਕਲ ਕਾਲਜਾਂ ‘ਚ ਮਰੀਜ਼ਾਂ ਦਾ ਇਲਾਜ ਨਿਰੰਤਰ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਜਦੋਂ ਪੰਜਾਬ ਵਿੱਚ ਕੋਰੋਨਾ ਨੇ ਪੈਰ ਧਰੇ ਸਨ ਤਾਂ ਸਾਨੂੰ ਕੋਵਿਡ ਟੈਸਟ ਦੇ ਨਮੂਨੇ ਜਾਂਚ ਲਈ ਪੂਨੇ ਭੇਜਣੇ ਪੈਂਦੇ ਸਨ ਅਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਰੋਜ਼ਾਨਾ 20 ਹਜ਼ਾਰ ਟੈਸਟ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਪਟਿਆਲਾ ਦੇ ਮੈਡੀਕਲ ਕਾਲਜ ਵਿੱਚ 292186, ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ 278064 ਅਤੇ ਫ਼ਰੀਦਕੋਟ ਵਿੱਚ 214282 ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।ਸੋਨੀ ਨੇ ਦੱਸਿਆ ਕਿ ਜਲੰਧਰ, ਲੁਧਿਆਣਾ ਅਤੇ ਮੁਹਾਲੀ ਵਿੱਚ ਚਾਰ ਲੈਬਾਰਟਰੀਆਂ ਬੀਤੇ ਦਿਨੀ ਸ਼ੁਰੂ ਕੀਤੀਆ ਜਾ ਚੁੱਕੀਆਂ ਹਨ।ਸੋਨੀ ਨੇ ਦੱਸਿਆ ਕਿ ਹੁਣ ਤੱਕ ਮੈਡੀਕਲ ਕਾਲਜਾਂ ਵਿੱਚ ਹੋਏ ਟੈਸਟਾਂ ਵਿਚੋਂ 29976 ਵਿਅਕਤੀ ਕੋਵਿਡ-19 ਤੋਂ ਪੀੜਤ ਮਿਲੇ ਹਨ।ਜਿਨ੍ਹਾਂ ਵਿਚੋਂ ਜ਼ਿਆਦਾਤਰ ਠੀਕ ਹੋ ਕੇ ਜਾ ਚੁੱਕੇ ਹਨ ਜਾਂ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।ਮੈਡੀਕਲ ਕਾਲਜਾਂ ਵਿੱਚ ਹੁਣ ਤੱਕ ਬਦਕਿਸਮਤੀ ਨਾਲ 431 ਲੋਕਾਂ ਦੀ ਜਾਨ ਵੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰਾ ਜਿਨਾਂ ਸ਼ੱਕ ਪੈਣ ‘ਤੇ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਤਾਂ ਜੋ ਕੋਰੋਨਾ ਨੂੰ ਅੱਗੇ ਫੈਲਣ ਦਾ ਮੌਕਾ ਵੀ ਨਾ ਮਿਲੇ।
Punjab Post Daily Online Newspaper & Print Media