ਜਿਲਾ ਵਾਸੀਆਂ ਨੂੰ ਜਲਦ ਉਪਲੱਬਧ ਹੋਵੇਗੀ ਕੋਵਿਡ-19 ਵੈਕਸੀਨ
ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) – ਕੋਵਿਡ 19 ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਜਿਲਾ ਵਾਸੀਆਂ ਨੂੰ ਜਲਦ ਹੀ ਕੋਵਿਡ 19 ਵੈਕਸੀਨ ਉਪਲੱਬਧ ਹੋਵੇਗੀ
ਅਤੇ ਸਭ ਤੋਂ ਪਹਿਲਾਂ ਇਹ ਵੈਕਸੀਨ ਸਿਹਤ ਵਰਕਰਾਂ ਅਤੇ ਫਰੰਟਲਾਈਨ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।ਜਿਸ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਕੋਵਿਡ 19 ਵੈਕਸੀਨ ਜਲਦ ਹੀ ਆ ਰਹੀ ਹੈ ਅਤੇ ਇਸ ਸਬੰਧੀ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਅਗਰਵਾਲ ਨੇ ਕਿਹਾ ਕਿ ਇਹ ਵੈਕਸੀਨ ਇਕ ਵਿਅਕਤੀ ਨੂੰ ਦੋ ਵਾਰ ਦਿੱਤੀ ਜਾਣੀ ਹੈ ਅਤੇ ਸ਼ੁਰੂ ’ਚ ਜਿਲੇ ਵਿੱਚ 27 ਲੱਖ ਡੋਜ਼ ਸਟੋਰ ਕਰਨ ਦੀ ਸਮਰੱਥਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਆਰ.ਐਸ ਸੇਠੀ ਤੇ ਡਾ: ਸੁਖਪਾਲ ਸਿੰਘ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ 27 ਲੱਖ ਵਿਚੋਂ 16 ਲੱਖ ਡੋਜ਼ਾਂ ਵੱਡੇ ਵਾਕਿੰਗ ਕੂਲਰਾਂ ਅਤੇ 11 ਲੱਖ ਡੋਜ਼ਿਾਂ ਛੋਟੇ ਬਕਸਿਆਂ ਵਿੱਚ ਸਟੋਰ ਕਰਨ ਦੀ ਸਮਰੱਥਾ ਹੈ।ਉਨਾਂ ਦੱਸਿਆ ਕਿ ਜਿਲੇ ਦੇ 66 ਸਰਕਾਰੀ ਸਿਹਤ ਕੇਂਦਰਾਂ ਵਿਚੋਂ 49 ਸਿਹਤ ਕੇਂਦਰਾਂ ‘ਤੇ ਇਹ ਵੈਕਸੀਨ ਸਟੋਰ ਕੀਤੀ ਜਾਵੇਗੀ ਅਤੇ 400 ਤੋਂ ਵੱਧ ਪ੍ਰਾਈਵੇਟ ਸਿਹਤ ਕੇਂਦਰਾਂ ਨੂੰ ਵੀ ਵੈਕਸੀਨ ਸਟੋਰ ਕਰਨ ਲਈ ਚੁਣਿਆ ਗਿਆ ਹੈ।ਉਨਾਂ ਦੱਸਿਆ ਕਿ 15000 ਸਿਹਤ ਵਰਕਰਾਂ ਦਾ ਡਾਟਾ ਕੋਵਿਨ ਪੋਰਟਲ ‘ਤੇ ਅਪਲੋਡ ਕਰ ਲਿਆ ਗਿਆ ਹੈ, ਜਿੰਨਾਂ ਨੂੰ ਇਹ ਵੈਕਸੀਨ ਸਭ ਤੋਂ ਪਹਿਲਾਂ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ 96 ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ।ਇਸ ਸਬੰਧੀ ਜਿਲਾ ਟਾਸਕ ਫੋਰਸ ਅਤੇ ਬਲਾਕ ਪੱਧਰ ਦੀਆਂ ਟਾਸਕ ਫੋਰਸਾਂ ਵੀ ਬਣਾਈਆਂ ਗਈਆਂ ਹਨ।ਜਿਥੇ ਮੈਡੀਕਲ ਅਫਸਰਾਂ ਕੋਵਿਡ 19 ਵੈਕਸੀਨ ਦੇਣ ਲਈ ਟ੍ਰੇਨਿੰਗ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਸ਼ੁਰੂ ਵਿੱਚ 27 ਸਥਾਨਾਂ ‘ਤੇ ਸਿਹਤ ਵਰਕਰਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ 906 ਹੋਰ ਸਥਾਨਾਂ ਦੀ ਚੋਣ ਵੀ ਕੀਤੀ ਗਈ ਹੈ।ਉਨਾਂ ਦੱਸਿਆ ਕਿ ਜ਼ੂਇਕ ਕੇਂਦਰ ਵਿਖੇ 5 ਵੈਕਸੀਨੇਸ਼ਨ ਅਧਿਕਾਰੀ ਮੌਜ਼ੂਦ ਰਹਿਣਗੇ।ਸਕੂਲ, ਕਾਲਜ, ਆਂਗਨਵਾੜੀ ਸੈਂਟਰ, ਸਿਹਤ ਕੇਂਦਰ ਆਦਿ ਸ਼ਾਮਲ ਹਨ ਜਿਥੇ ਆਮ ਲੋਕਾਂ ਨੂੰ ਵੀ ਇਹ ਵੈਕਸੀਨ ਦਿੱਤੀ ਜਾਵੇਗੀ।
ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ: ਆਰ.ਐਸ ਸੇਠੀ, ਡਾ: ਵਿਜੈ ਕੋਂਡਲ, ਡਾ: ਮਦਨ ਮੋਹਨ, ਡਾ: ਮੀਨਾਕਸ਼ੀ, ਜਿਲਾ ਸਿਖਿਆ ਅਫਸਰ ਸਤਿੰਦਰਬੀਰ ਸਿੰਘ, ਉੁਪ ਜਿਲਾ ਸਿਖਿਆ ਅਫਸਰ ਰਾਜੇਸ਼ ਸ਼ਰਮਾ, ਜਿਲਾ ਖੇਡ ਅਫਸਰ ਗੁਰਲਾਲ ਸਿੰਘ, ਡਾ: ਕੰਵਰ ਅਜੈ ਸਿੰਘ ਸਿਹਤ ਅਫਸਰ ਨਗਰ ਨਿਗਮ ਤੋਂ ਇਲਾਵਾ ਸਾਰੇ ਮੈਡੀਕਲ ਅਫਸਰ ਹਾਜ਼ਰ ਸਨ।
Punjab Post Daily Online Newspaper & Print Media