Tuesday, March 24, 2026

ਡਾ. ਓਬਰਾਏ ਦੇ ਯਤਨਾਂ ਸਦਕਾ 22 ਸਾਲਾ ਲੜਕੀ ਦਾ ਮ੍ਰਿਤਕ ਸਰੀਰ ਦੁਬਈ ਤੋਂ ਵਤਨ ਪੁੱਜਾ

ਸਸਕਾਰ ਕਰਨ ਦੇ ਖਰਚ ਤੋਂ ਇਲਾਵਾ ਮਾਂ ਨੂੰ ਮਹੀਨੇਵਾਰ ਪੈਨਸ਼ਨ ਵੀ ਦੇਵੇਗਾ ਟਰੱਸਟ

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ) – ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ `ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ `ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਟਰੱਸਟ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਦੇ ਵੱਡੇ ਯਤਨਾਂ ਸਦਕਾ ਜਲੰਧਰ ਸ਼ਹਿਰ ਨਾਲ ਸਬੰਧਤ 22 ਸਾਲਾ ਮੀਨੂੰ ਪੁੱਤਰੀ ਮੰਗੇਸ਼ ਕੁਮਾਰ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ।
                     ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਮੀਨੂੰ ਇੱਕ ਮਹੀਨਾ ਪਹਿਲਾਂ ਹੀ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਪਹੁੰਚੀ ਸੀ ਕਿ ਕੁੱਝ ਦਿਨ ਬਾਅਦ ਹੀ ਉਸ ਦੀ ਬਿਮਾਰ ਹੋਣ ਉਪਰੰਤ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਦੱਸਿਆ ਸੀ ਕਿ ਪੰਜਾਬ ਨਾਲ ਸਬੰਧਤ ਇਕ ਲੜਕੀ ਦੀ ਦੁਬਈ ਅੰਦਰ ਮੌਤ ਹੋ ਗਈ ਹੈ।ਪਰ ਉਸ ਦੇ ਵਾਰਸਾਂ ਬਾਰੇ ਕੁੱਝ ਪਤਾ ਨਹੀਂ ਲੱਗ ਰਿਹਾ।ਉਨ੍ਹਾਂ ਦੱਸਿਆ ਕਿ ਇਸ ਲੜਕੀ ਬਾਰੇ ਸਾਰੀ ਜਾਣਕਾਰੀ ਇਕੱਤਰ ਕਰਨ ਉਪਰੰਤ ਉਨ੍ਹਾਂ ਨੇ ਟਰੱਸਟ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਮਰਜੋਤ ਸਿੰਘ ਰਾਹੀਂ ਪੁਲਿਸ ਦੀ ਮਦਦ ਨਾਲ ਜਲੰਧਰ ਰਹਿੰਦੀ ਉਸ ਦੀ ਇਕੱਲੀ ਵਿਧਵਾ ਮਾਂ ਨਾਲ ਸੰਪਰਕ ਕਰ ਕੇ ਉਸ ਨੂੰ ਮੀਨੂੰ ਦੀ ਮੌਤ ਤੋਂ ਜਾਣੂ ਕਰਵਾਇਆ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਮੀਨੂੰ ਇਕ ਮਹੀਨਾ ਪਹਿਲਾਂ ਹੀ ਦੁਬਈ ਪਹੁੰਚੀ ਸੀ ਅਤੇ ਇਥੇ ਪਹੁੰਚਣ ਦੇ ਕੁੱਝ ਦਿਨ ਬਾਅਦ ਹੀ ਉਹ ਬਿਮਾਰ ਹੋ ਗਈ।ਪਰ ਉਸ ਨੂੰ ਇਥੇ ਲਿਆਉਣ ਵਾਲੇ ਲੋਕਾਂ ਵਲੋਂ ਉਸ ਦਾ ਇਲਾਜ਼ ਕਰਵਾਉਣ ਦੀ ਬਜਾਏ ਉਸ ਉਪਰ ਰਹਿੰਦੀ ਬਕਾਇਆ ਰਾਸ਼ੀ ਦੇਣ ਦਾ ਹੀ ਦਬਾਅ ਬਣਾਇਆ ਜਾਂਦਾ ਰਿਹਾ।ਉਨ੍ਹਾਂ ਦੱਸਿਆ ਕਿ ਜਦ ਉਸ ਨੂੰ ਅਖ਼ੀਰ ਅਤਿ ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਉਥੇ ਮੌਤ ਹੋ ਗਈ।
                     ਜਿਸ ਉਪਰੰਤ ਉਨ੍ਹਾਂ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਦੀ ਬਦੌਲਤ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮੀਨੂੰ ਦਾ ਮ੍ਰਿਤਕ ਸਰੀਰ ਲਿਆ ਕੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਵਿੱਤ ਸਕੱਤਰ ਨਵਜੀਤ ਸਿੰਘ ਘਈ ਅਤੇ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਦੀ ਮਜ਼ੂਦਗੀ `ਚ ਹਵਾਈ ਅੱਡੇ ਤੋਂ ਪ੍ਰਾਪਤ ਕਰ ਕੇ ਟਰੱਸਟ ਦੀ ਹੀ ਐਂਬੂਲੈਂਸ ਰਾਹੀਂ ਜਲੰਧਰ ਨੂੰ ਰਵਾਨਾ ਕਰ ਦਿੱਤਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲੜਕੀ ਦੀ ਮ੍ਰਿਤਕ ਦੇਹ ਘਰ ਤੱਕ ਪਹੁੰਚਾਉਣ, ਸਸਕਾਰ ਆਦਿ ਰਸਮਾਂ ਕਰਨ ਦਾ ਖ਼ਰਚਾ ਵੀ ਟਰੱਸਟ ਚੁੱਕੇਗਾ ਅਤੇ ਇਸ ਪਰਿਵਾਰ ਦੀ ਅਤਿ ਮਾੜੀ ਆਰਥਿਕ ਹਾਲਤ ਹੋਣ ਕਾਰਨ ਇਸ ਦੀ ਵਿਧਵਾ ਮਾਂ ਨੂੰ ਟਰੱਸਟ ਵਲੋਂ ਘਰ ਦੇ ਗੁਜ਼ਾਰੇ ਲਈ 2 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ।
ਡਾ. ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 216 ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ।ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਅੰਦਰ ਭੇਜਣ।
                    ਜ਼ਿਕਰਯੋਗ ਹੈ ਕਿ ਅੱਜ ਹਵਾਈ ਅੱਡੇ ‘ਤੇ ਉਕਤ ਲੜਕੀ ਦਾ ਮ੍ਰਿਤਕ ਸਰੀਰ ਲੈਣ ਸਮੇਂ ਪਰਿਵਾਰਕ ਮੈਂਬਰ ਦੀ ਗੈਰ ਮੌਜ਼ੂਦਗੀ `ਚ ਟਰੱਸਟ ਦੇ ਸੇਵਾਦਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਵੇਖ ਹਰ ਕੋਈ ਨਮ ਅੱਖਾਂ ਨਾਲ ਡਾ.ਐਸ.ਪੀ ਸਿੰਘ ਉਬਰਾਏ ਵਲੋਂ ਕੀਤੇ ਜਾਂਦੇ ਅਜਿਹੇ ਪਰਉਪਕਾਰਾਂ ਲਈ ਉਨ੍ਹਾਂ ਨੂੰ ਦਿਲੋਂ ਦੁਆਵਾਂ ਦੇ ਰਿਹਾ ਸੀ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …