Thursday, November 21, 2024

ਸਆਦਤ ਹਸਨ ਮੰਟੋ ਧਰਤੀ ਦਾ ਸਭ ਤੋਂ ਸੰਵੇਦਨਸ਼ੀਲ ਸਿਰਜ਼ਕ ਹੈ – ਲੇਖਕ ਮੰਚ

ਸਮਰਾਲਾ, 12 ਮਈ (ਇੰਦਰਜੀਤ ਸਿੰਘ ਕੰਗ) – ਸੰਸਾਰ ਪ੍ਰਸਿੱਧ ਅਫਸਾਨਾਨਿਗਾਰ ਸਆਦਤ ਹਸਨ ਮੰਟੋ 11 ਮਈ 1912 ਨੂੰ ਸਮਰਾਲਾ ਨੇੜੇ ਪਿੰਡ ਪਪੜੌਦੀ ਵਿੱਚ ਪੈਦਾ ਹੋਏ ਸਨ।ਉਹਨਾਂ ਦਾ ਜਨਮ ਦਿਨ ਲੇਖਕ ਮੰਚ (ਰਜਿ) ਸਮਰਾਲਾ ਵਲੋਂ ਬਹੁਤ ਸਤਿਕਾਰ ਸਹਿਤ ਮਨਾਇਆ ਗਿਆ।ਲੇਖਕ ਮੰਚ ਦੇ ਜਨਰਲ ਸਕੱਤਰ ਸੁਰਜੀਤ ਵਿਸ਼ਦ ਨੇ ਸਭ ਤੋਂ ਪਹਿਲਾਂ ਕਰੋਨਾ ਦੌਰ ਦੌਰਾਨ ਵਿਛੜੇ ਪ੍ਰਿੰ: ਤਰਸੇਮ ਬਾਹੀਆ, ਵਿੱਕੀ ਭੱਟੀ ਤੋਂ ਇਲਾਵਾ ਬਾਬੂ ਸਿੰਘ ਚੌਹਾਨ, ਮਹਿੰਦਰ ਮਾਨੂੰਪੁਰੀ, ਸੁਖਦੇਵ ਮਾਦਪੁਰੀ, ਅਮਰਜੀਤ ਸੋਮਲ ਸਮੇਤ ਸਾਰੇ ਹੀ ਸਿਰਜ਼ਕਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਅਪਣੇ ਚੇਤਿਆਂ ਵਿੱਚ ਵਸਾਇਆ।
                  ਉਪਰੰਤ ਹਾਜ਼ਰ ਸਾਰੇ ਲੇਖਕ ਸੱਜਣਾ ਨੇ ਸਆਦਤ ਹਸਨ ਮੰਟੋ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਉਸ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਦਿਆਂ ਮੰਟੋ ਦੇ 109ਵੇਂ ਜਨਮ ਦਿਵਸ ਦੀ ਖੁਸ਼ੀ ਵੀ ਸਾਂਝੀ ਕੀਤੀ।ਹਾਜ਼ਰ ਸਾਹਿਤਕਾਰਾਂ ਨੂੰ ‘ਜੀ ਆਇਆਂ’ ਕਹਿੰਦਿਆਂ ਲੇਖਕ ਮੰਚ (ਰਜਿ:) ਸਮਰਾਲਾ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਨੇ ਮੰਟੋ ਦੀ ਸਾਹਿਤ ਪ੍ਰਤੀ ਇਤਿਹਾਸਕ ਦੇਣ ਨੂੰ ਸਜ਼ਦਾ ਕੀਤਾ।ਉਹਨਾਂ ਕਿਹਾ ਕਿ ਮੰਟੋ ਤਾਂ ਸੰਸਾਰ ਦਾ ਸਭ ਤੋਂ ਵੱਡਾ ਸੰਵੇਦਨਸ਼ੀਲ ਲੇਖਕ ਹੈ।
ਲੇਖਕ ਮੰਚ ਦੇ ਸਰਪ੍ਰਸਤ ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਸਭ ਤੋਂ ਪਹਿਲਾਂ ਬੋਲਦਿਆਂ “ਮੰਟੋ ਤੋਂ ਅੱਜ ਤੱਕ : ਸਾਡੀ ਸਾਹਿਤਕ ਵਿਰਾਸਤ’’ ਵਿਸ਼ੇ ’ਤੇ ਆਪਣਾ ਖੋਜ-ਪੱਤਰ ਪੜ੍ਹਦਿਆਂ ਇਸ ਜਰਖੇਜ਼ ਧਰਤੀ ਦੇ ਮਾਣਮੱਤੇ ਸਾਹਿਤ ਸਿਰਜ਼ਕਾਂ ਦੀ ਹਾਜ਼ਰੀਨ ਨਾਲ ਸਾਂਝ ਪੁਆਈ।ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਮੰਟੋ ਦੇ ਸਵੈ ਜੀਵਨੀ ਮੁਲਕ ਆਰਟੀਕਲ ਨੂੰ ਆਧਾਰ ਬਣਾ ਕੇ ‘‘ਸਆਦਤ ਹਸਨ ਬਨਾਮ ਮੰਟੋ’’ ਵਿਸ਼ੇ ’ਤੇ ਅਜੋਕੀ ਸਾਹਿਤਕ ਦਸ਼ਾ ਦੇ ਸੰਦਰਭ ਵਿੱਚ ਭਾਵਪੂਰਤ ਸੰਵਾਦ ਰਚਾਇਆ।ਇਸ ਉਪਰੰਤ ਮੰਟੋ ਦੇ ਜਨਮ ਦਿਵਸ ਲਈ ਤਿਆਰ ਕਰਵਾਇਆ ਵਿਸ਼ੇਸ਼ ਕੇਕ ਵੀ ਕੱਟਿਆ ਗਿਆ।
                    ਕੇਵਲ ਕੁੱਲੇਵਾਲੀਆ, ਹਰਬੰਸ ਮਾਲਵਾ ਤੇ ਬਲਵੰਤ ਮਾਂਗਟ ਨੇ ਕ੍ਰਮਵਾਰ ਤਿੰਨ ਸਾਹਿਤਕ ਗੀਤ ਸਟੇਜ਼ ਤੋਂ ਪੇਸ਼ ਕੀਤੇ, ਜਿਹਨਾਂ ਨੂੰ ਭਰਪੂਰ ਦਾਦ ਮਿਲੀ।ਮੰਟੋ ਦੇ ਸਮਕਾਲੀ ਤੇ ਮਿੱਤਰ ਰਾਜਿੰਦਰ ਸਿੰਘ ਬੇਦੀ ਦੀ 80 ਸਾਲ ਪਹਿਲਾਂ ਪਲੇਗ ਮਹਾਂਮਾਰੀ ਦੇ ਸੰਦਰਭ ਵਿੱਚ ਲਿਖੀ ਦੁੱਖ ਦੀ ਇੰਤਹਾ ਵਿੱਚ ਵੀ ਮਾਨਵੀ ਮੁੱਲਾਂ ਦੀ ਤਰਜ਼ਮਾਨੀ ਕਰਦੀ ਕਹਾਣੀ ‘ਕੁਆਰੰਟਾਈਨ’ ਨੂੰ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ ਹੁਰਾਂ ਬਹੁਤ ਭਾਵੁਕ ਅੰਦਾਜ ਵਿੱਚ ਪੇਸ਼ ਕੀਤੀ।
ਸਮਾਗਮ ਦੇ ਅੰਤ ’ਤੇ ਪ੍ਰਧਾਨਗੀ ਸੰਬੋਧਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦੇ ਜਸਵੀਰ ਝੱਜ ਨੇ ਮੰਟੋ ਦੀ ਸਾਹਿਤਕ ਪਰੰਪਰਾ ਜਾਰੀ ਰੱਖਣ ਲਈ ਤੇ ਇਸ ਖੂਬਸੂਰਤ ਇਕੱਤਰਤਾ ਅਤੇ ਪੇਸ਼ਕਾਰੀਆਂ ਲਈ ਲੇਖਕ ਮੰਚ (ਰਜਿ) ਸਮਰਾਲਾ ਨੂੰ ਵਧਾਈ ਦਿੱਤੀ।
                   ਇਸ ਮੌਕੇ ਨਾਟਕਕਾਰ ਰਾਜਵਿੰਦਰ ਸਮਰਾਲਾ, ਅਵਤਾਰ ਸਿੰਘ ਓਟਾਲ, ਆਜਾਦ ਵਿਸ਼ਮਾਦ, ਕਰਮਜੀਤ ਬਾਸੀ ਪ੍ਰੈਸ ਸਕੱਤਰ, ਰਾਜਦੀਪ ਦਿੱਗਪਾਲ, ਅਬਦੁਲ, ਸੂਰੀਆ ਕਾਂਤ ਵਰਮਾ ਤੋਂ ਇਲਾਵਾ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ। ਅਖੀਰ ਵਿੱਚ ਮਾ. ਤਰਲੋਚਨ ਸਿੰਘ ਸਮਰਾਲਾ ਨੇ ਆਏ ਮਹਿਮਾਨਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ।

Check Also

ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵਲੋਂ ਭਗਤਾਂ ਵਾਲਾ ਡੰਪ ਦਾ ਦੌਰਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਸ਼ਹਿਰ ਵਿੱਚ ਸਾਫ ਸਫਾਈ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ …